
ਲੇਅਓਵਰ ਦੌਰਾਨ ਹੋਟਲ ਵਿੱਚ ਬੇਹੋਸ਼ ਮਿਲੇ, ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨਿਆ
ਨਵੀਂ ਦਿੱਲੀ, 12 ਸਤੰਬਰ (ਪੰਜਾਬੀ ਦੁਨੀਆ ਬਿਊਰੋ):
ਏਅਰ ਇੰਡੀਆ ਦੇ ਮੁੰਬਈ ਸਥਿਤ ਕਾਕਪਿਟ ਕਰੂ ਮੈਂਬਰ ਦੀ ਦਿੱਲੀ ਵਿੱਚ ਮੌਤ ਹੋ ਗਈ। ਏਅਰਲਾਈਨ ਅਨੁਸਾਰ 40ਵਿਆਂ ਦੇ ਪਾਇਲਟ ਨੂੰ ਬੀਤੀ ਸ਼ਾਮ ਲੇਅਓਵਰ ਦੌਰਾਨ ਵਸੰਤ ਕੁੰਜ ਸਥਿਤ ਦਿ ਗ੍ਰੈਂਡ ਹੋਟਲ ਵਿੱਚ ਬੇਹੋਸ਼ ਹਾਲਤ ਵਿੱਚ ਪਾਇਆ ਗਿਆ।
ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁੰਬਈ ਆਧਾਰਿਤ ਇਹ ਪਾਇਲਟ ਪਹਿਲਾਂ ਏਅਰ ਇੰਡੀਆ ਐਕਸਪ੍ਰੈੱਸ ਨਾਲ ਕੰਮ ਕਰਦੇ ਸਨ ਅਤੇ ਲਗਭਗ ਦੋ ਮਹੀਨੇ ਪਹਿਲਾਂ ਏਅਰ ਇੰਡੀਆ ਵਿੱਚ ਸ਼ਾਮਲ ਹੋਏ ਸਨ। ਉਹ ਅੱਜ ਸਵੇਰੇ ਇੱਕ ਉਡਾਣ ਚਲਾਉਣ ਲਈ ਨਿਯੁਕਤ ਸਨ।
ਏਅਰ ਇੰਡੀਆ ਨੇ ਪਾਇਲਟ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ।