Breaking News
Smart Media Insurance Point

ਮੋਹਾਲੀ ਤੋਂ ਭਾਜਪਾ ਟਿਕਟ ਲਈ ਹਰਦੇਵ ਸਿੰਘ ਉੱਭਾ ਨੇ ਠੋਕੀ ਦਾਅਵੇਦਾਰੀ; ਤਰੁਣ ਚੁੱਘ ਨਾਲ ਕੀਤੀ ਮੁਲਾਕਾਤ

ਪਾਰਟੀ ਪ੍ਰਤੀ ਨਿਭਾਈਆਂ ਆਪਣੀਆਂ ਪਿਛਲੇ 29 ਸਾਲਾਂ ਦੀਆਂ ਸੇਵਾਵਾਂ ਦਾ ਦਿੱਤਾ ਹਵਾਲਾ

ਮੋਹਾਲੀ/ਚੰਡੀਗੜ੍ਹ, 13 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਮੁਤਾਬਕ, ਉਨ੍ਹਾਂ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੋਹਾਲੀ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ। ਇਸ ਸਬੰਧੀ ਹਰਦੇਵ ਸਿੰਘ ਉੱਭਾ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਉੱਭਾ, ਜੋ ਕਿ ਵਾਰਡ ਨੰਬਰ 41 ਤੋਂ ਮੌਜੂਦਾ ਭਾਜਪਾ ਕੌਂਸਲਰ ਹਨ, ਨੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਆਪਣਾ ਪੱਖ ਰੱਖਿਆ।

ਬਿਆਨ ਅਨੁਸਾਰ, ਹਰਦੇਵ ਸਿੰਘ ਉੱਭਾ ਨੇ ਇਸ ਮੁਲਾਕਾਤ ਦੌਰਾਨ ਪਾਰਟੀ ਪ੍ਰਤੀ ਆਪਣੀਆਂ ਪਿਛਲੇ 29 ਸਾਲਾਂ ਦੀਆਂ ਸੇਵਾਵਾਂ ਦਾ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ ਪਛੜੀ ਸ਼੍ਰੇਣੀ ਨਾਲ ਸਬੰਧਤ ਇੱਕ ਗੁਰਸਿੱਖ ਆਗੂ ਵਜੋਂ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਅਤੇ ਭਾਜਪਾ ਨਾਲ ਜੁੜ ਕੇ ਸੰਗਠਨ ਦੀ ਮਜ਼ਬੂਤੀ ਅਤੇ ਸਮਾਜ ਸੇਵਾ ਵਿੱਚ ਸਰਗਰਮ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਉੱਭਾ ਵੀ ਕੌਂਸਲਰ ਵਜੋਂ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਜੁਟੇ ਹੋਏ ਹਨ।

ਹਰਦੇਵ ਸਿੰਘ ਉੱਭਾ ਨੇ ਪਾਰਟੀ ਅਨੁਸ਼ਾਸਨ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਸਪੱਸ਼ਟ ਕੀਤਾ ਕਿ ਪਾਰਟੀ ਹਾਈਕਮਾਂਡ ਦਾ ਹਰ ਫ਼ੈਸਲਾ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਪਾਰਟੀ ਜਿਸ ਵੀ ਉਮੀਦਵਾਰ ਨੂੰ ਮੋਹਾਲੀ ਤੋਂ ਮੈਦਾਨ ਵਿੱਚ ਉਤਾਰੇਗੀ, ਉਹ ਉਸ ਦੀ ਜਿੱਤ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

ਇਸ ਮੌਕੇ ਉੱਭਾ ਨੇ ਆਗਾਮੀ ਚੋਣ ਰਣਨੀਤੀ ਅਤੇ ਸੰਗਠਨਾਤਮਕ ਗਤੀਵਿਧੀਆਂ ਬਾਰੇ ਤਰੁਣ ਚੁੱਘ ਤੋਂ ਮਾਰਗਦਰਸ਼ਨ ਪ੍ਰਾਪਤ ਕੀਤਾ ਅਤੇ ਮੁਲਾਕਾਤ ਲਈ ਸਮਾਂ ਦੇਣ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਆਪਣੀ ਮੁਹਿੰਮ ਲਗਾਤਾਰ ਜਾਰੀ ਰੱਖਣਗੇ।

Leave a Reply

Your email address will not be published. Required fields are marked *