Breaking News
Smart Media Dashmesh Insurance Point

ਭਾਰਤ ਨੇ ਜ਼ਿੰਬਾਬਵੇ ਨੂੰ 90 ਦੌੜਾਂ ਨਾਲ ਹਰਾਇਆ, ਅਭਿਸ਼ੇਕ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ

ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜਤ ਬਣਾਈ

ਚੰਡੀਗੜ੍ਹ, 25 ਜੁਲਾਈ, ਪੰਜਾਬੀ ਦੁਨੀਆ ਬਿਊਰੋ: 

ਭਾਰਤ ਨੇ ਜ਼ਿੰਬਾਬਵੇ ਖ਼ਿਲਾਫ਼ ਹਰਾਰੇ ਸਪੋਰਟਸ ਕਲੱਬ ਵਿਖੇ ਖੇਡੇ ਗਏ ਟੀ-20 ਮੁਕਾਬਲੇ ਵਿੱਚ ਮੈਚ ਦੇ ਹਰ ਖੇਤਰ ਵਿੱਚ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ 90 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤੀ ਟੀਮ ਨੇ ਸੀਰੀਜ਼ ਵਿੱਚ ਆਪਣਾ ਦਬਦਬਾ ਹੋਰ ਮਜ਼ਬੂਤ ਕਰ ਦਿੱਤਾ। ਬੱਲੇਬਾਜ਼ੀ ਤੋਂ ਲੈ ਕੇ ਗੇਂਦਬਾਜ਼ੀ ਤੱਕ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਜ਼ਿੰਬਾਬਵੇ ਨੂੰ ਕਿਸੇ ਵੀ ਸਮੇਂ ਵਾਪਸੀ ਦਾ ਮੌਕਾ ਨਹੀਂ ਦਿੱਤਾ। ਮੈਚ ਵਿਚ ਵਧੀਆ ਬੱਲੇਬਾਜ਼ੀ ਸਦਕਾ ਇਸ਼ਾਨ ਕਿਸ਼ਨ ਨੂੰ ਮੈਨ ਆਫ ਦੀ ਮੈਚ ਐਲਾਨਿਆ ਗਿਆ।

ਭਾਰਤ ਦੀ ਬੱਲੇਬਾਜ਼ੀ ਵਿੱਚ ਇਸ਼ਾਨ ਕਿਸ਼ਨ (81) ਅਤੇ ਉਪ ਕਪਤਾਨ ਤਿਲਕ ਵਰਮਾ (60) ਨੇ ਸ਼ਾਨਦਾਰ ਅਰਧ ਸੈਂਕੜੇ ਜੜੇ। ਟੀਮ ਇੰਡੀਆ ਦੀਆਂ ਪਹਿਲੀਆਂ ਦੋ ਵਿਕਟਾਂ 29 ਦੇ ਸਕੋਰ ਉਤੇ ਡਿਗਣ ਉਪਰੰਤ, ਦੋਵੇਂ ਬੱਲੇਬਾਜ਼ਾਂ ਨੇ ਸੰਭਲ ਕੇ ਸ਼ੁਰੂਆਤ ਕਰਨ ਤੋਂ ਬਾਅਦ ਤੇਜ਼ੀ ਨਾਲ ਦੌੜਾਂ ਬਣਾਈਆਂ ਅਤੇ ਟੀਮ ਨੂੰ 5 ਵਿਕਟਾਂ ਦੇ ਨੁਕਸਾਨ ਉਤੇ 219 ਦੇ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਉਨ੍ਹਾਂ ਦੀ 94 ਦੌੜਾਂ ਦੀ ਸਾਂਝੇਦਾਰੀ ਨੇ ਜ਼ਿੰਬਾਬਵੇ ਦੇ ਗੇਂਦਬਾਜ਼ਾਂ ‘ਤੇ ਲਗਾਤਾਰ ਦਬਾਅ ਬਣਾਈ ਰੱਖਿਆ ਅਤੇ ਭਾਰਤ ਨੂੰ ਵੱਡੇ ਸਕੋਰ ਦੀ ਮਜ਼ਬੂਤ ਨੀਂਹ ਦਿੱਤੀ। ਸਲਾਮੀ ਬੱਲੇਬਾਜ਼ ਸੂਰਿਅਵੰਸੀ (20) ਅਤੇ ਅਭਿਸ਼ੇਕ ਸ਼ਰਮਾ (8) ਦੌੜਾਂ ਬਣਾਈਆਂ।

ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਭਾਰਤੀ ਗੇਂਦਬਾਜ਼ਾਂ ਸਾਹਮਣੇ ਬੇਵੱਸ ਨਜ਼ਰ ਆਈ। ਅਭਿਸੇਕ ਸ਼ਰਮਾ ਨੇ ਤਿੰਨ ਅਹਿਮ ਵਿਕਟਾਂ ਹਾਸਲ ਕਰਕੇ ਵਿਰੋਧੀ ਟੀਮ ਦੀ ਕਮਰ ਤੋੜ ਦਿੱਤੀ। ਇਸ ਦੇ ਨਾਲ ਹੀ ਡੈਬਿਊ ਕਰ ਰਹੇ ਯਸ਼ ਸ਼ਰਮਾ ਅਤੇ ਪ੍ਰਿੰਸ ਯਾਦਵ ਨੇ ਦੋ-ਦੋ ਵਿਕਟਾਂ ਹਾਸਲ ਕਰਕੇ ਆਪਣੀ ਛਾਪ ਛੱਡੀ, ਜਦਕਿ ਸ਼ਿਵਮ ਦੂਬੇ, ਰਵੀ ਬਿਸ਼ਨੋਈ ਅਤੇ ਤਿਲਕ ਵਰਮਾ ਨੇ 1-1 ਵਿਕਟ ਹਾਸਲ ਕੀਤੀ। ਨੌਜਵਾਨ ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਭਾਰਤੀ ਟੀਮ ਦੇ ਭਵਿੱਖ ਲਈ ਵੀ ਚੰਗੇ ਸੰਕੇਤ ਦਿੱਤੇ। 

ਇਸ ਜਿੱਤ ਨਾਲ ਭਾਰਤੀ ਟੀਮ ਦਾ ਮਨੋਬਲ ਹੋਰ ਉੱਚਾ ਹੋ ਗਿਆ ਹੈ ਅਤੇ ਟੀਮ ਨੇ ਸੀਰੀਜ਼ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਨੌਜਵਾਨ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਟੀਮ ਪ੍ਰਬੰਧਨ ਨੂੰ ਭਵਿੱਖ ਲਈ ਕਈ ਸਕਾਰਾਤਮਕ ਸੰਕੇਤ ਦਿੱਤੇ ਹਨ। ਹੁਣ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਸੀਰੀਜ਼ ਦੇ ਅਗਲੇ ਮੁਕਾਬਲੇ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਭਾਰਤ ਜਿੱਤ ਦੀ ਲੜੀ ਜਾਰੀ ਰੱਖਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗਾ।

Leave a Reply

Your email address will not be published. Required fields are marked *