
ਪਰਿਵਾਰ ਨੇ ਪਹਿਲਾਂ ਸ਼ਿਕਾਇਤ ਦੇ ਬਾਵਜੂਦ ਸੁਰੱਖਿਆ ਨਾ ਮਿਲਣ ਦੇ ਲਗਾਏ ਗੰਭੀਰ ਦੋਸ਼
ਟੋਰਾਂਟੋ/ਅੰਮ੍ਰਿਤਸਰ, 29 ਜੁਲਾਈ 2026:
ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ ਰਹਿਣ ਵਾਲੀ 26 ਸਾਲਾ ਨਵਨੀਤ ਕੌਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨਾਲ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਨਵਨੀਤ ਦੇ ਪਿਤਾ ਹਰਭਜਨ ਸਿੰਘ ਅਤੇ ਚਾਚਾ ਬਲਬੀਰ ਸਿੰਘ ਨੇ ਦੋਸ਼ ਲਗਾਇਆ ਕਿ ਇਕਤਰਫ਼ਾ ਪਿਆਰ ਕਾਰਨ ਉਸ ਨੂੰ ਲੰਬੇ ਸਮੇਂ ਤੋਂ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਇਸ ਸਬੰਧੀ ਕੈਨੇਡਾ ਪੁਲਿਸ ਕੋਲ ਪਹਿਲਾਂ ਹੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।
ਪਰਿਵਾਰ ਅਨੁਸਾਰ ਨਵਨੀਤ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਅਤੇ ਫਿਰ ਸਥਾਈ ਨਿਵਾਸ (PR) ਹਾਸਲ ਕਰਕੇ ਉਹ ਇੱਕ ਬੈਂਕ ਵਿੱਚ ਨੌਕਰੀ ਕਰ ਰਹੀ ਸੀ। ਇੱਕ ਮਹੀਨਾ ਪਹਿਲਾਂ ਹੀ ਉਹ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਅੰਮ੍ਰਿਤਸਰ ਆਈ ਸੀ ਅਤੇ 29 ਜੂਨ ਨੂੰ ਮੁੜ ਕੈਨੇਡਾ ਪਰਤ ਗਈ ਸੀ।
ਪਰਿਵਾਰ ਦਾ ਦਾਅਵਾ ਹੈ ਕਿ ਕੋਟਕਪੂਰਾ ਨਾਲ ਸਬੰਧਤ ਸ਼ਰਨਜੀਤ ਨਾਮਕ ਨੌਜਵਾਨ ਕਈ ਮਹੀਨਿਆਂ ਤੋਂ ਨਵਨੀਤ ਦਾ ਪਿੱਛਾ ਕਰ ਰਿਹਾ ਸੀ। ਉਸ ਨੇ ਕਥਿਤ ਤੌਰ ’ਤੇ ਲਗਾਤਾਰ ਫੋਨ ਕਰਕੇ ਅਤੇ ਉਸ ਦੇ ਕੰਮ ਵਾਲੀ ਥਾਂ ਤੱਕ ਪਹੁੰਚ ਕੇ ਪ੍ਰੇਸ਼ਾਨ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਨਵਨੀਤ ਨੇ ਆਪਣਾ ਮੋਬਾਈਲ ਨੰਬਰ ਅਤੇ ਰਹਿਣ ਦਾ ਪਤਾ ਵੀ ਬਦਲ ਲਿਆ ਸੀ, ਪਰ ਇਸ ਦੇ ਬਾਵਜੂਦ ਮੁਲਜ਼ਮ ਉਸ ਤੱਕ ਪਹੁੰਚ ਗਿਆ।
ਪਰਿਵਾਰ ਅਨੁਸਾਰ ਘਟਨਾ ਵਾਲੇ ਦਿਨ ਸਵੇਰੇ ਕਰੀਬ 7.30 ਵਜੇ ਨਵਨੀਤ ਬੱਸ ਸਟਾਪ ’ਤੇ ਆਪਣੇ ਭਰਾ ਨਾਲ ਵੀਡੀਓ ਕਾਲ ’ਤੇ ਗੱਲ ਕਰ ਰਹੀ ਸੀ। ਇਸ ਦੌਰਾਨ ਉਸ ਨੇ ਕਥਿਤ ਤੌਰ ’ਤੇ ਕਿਹਾ, “ਸ਼ਰਨ ਆ ਗਿਆ ਹੈ,” ਜਿਸ ਤੋਂ ਕੁਝ ਪਲਾਂ ਬਾਅਦ ਫੋਨ ਕੱਟ ਗਿਆ। ਬਾਅਦ ਵਿੱਚ ਪਰਿਵਾਰ ਨੂੰ ਉਸ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਸੂਚਨਾ ਮਿਲੀ।
ਪਰਿਵਾਰ ਨੇ ਕੈਨੇਡਾ ਸਰਕਾਰ ਤੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਅਤੇ ਭਾਰਤ ਸਰਕਾਰ ਤੋਂ ਨਵਨੀਤ ਦੀ ਮ੍ਰਿਤਕ ਦੇਹ ਜਲਦੀ ਭਾਰਤ ਲਿਆਉਣ ਲਈ ਦਖ਼ਲ ਦੀ ਮੰਗ ਕੀਤੀ ਹੈ।