Breaking News
Smart Media Dashmesh Insurance Point

ਪੰਜਾਬ ਦੀਆਂ ਮਾਵਾਂ-ਧੀਆਂ ਨਾਲ ਇਨਸਾਫ਼ ਕਰੇ ਸਰਕਾਰ: ਹਰਸਿਮਰਤ ਬਾਦਲ

60 ਹਜ਼ਾਰ ਰੁ: ਦੇਣ ਦੇ ਵਾਅਦੇ ਮਗਰੋਂ ਹੁਣ 1,000 ਰੁ: ਦੀਆਂ ਕਿਸ਼ਤਾਂ ਦੀ ਗੱਲ ਕਿਉਂ: ਅਕਾਲੀ ਆਗੂ

ਮੋਹਾਲੀ, 26 ਸਤੰਬਰ, ਪੰਜਾਬੀ ਦੁਨੀਆ ਬਿਊਰੋ : 

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਮਹਿਲਾ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ’ਤੇ ਮਹਿਲਾਵਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਸੂਬੇ ਦੀ ਅੱਧੀ ਆਬਾਦੀ ਹਨ ਅਤੇ ਉਨ੍ਹਾਂ ਦੇ ਹੱਕਾਂ, ਸਨਮਾਨ ਤੇ ਆਰਥਿਕ ਸੁਰੱਖਿਆ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ।

ਹਰਸਿਮਰਤ ਨੇ ਕਿਹਾ ਕਿ ਮਹਿਲਾਵਾਂ ਨੂੰ 60 ਹਜ਼ਾਰ ਰੁ: ਦੀ ਆਰਥਿਕ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਪੂਰੀ ਰਕਮ ਦੀ ਬਜਾਏ 1,000 ਰੁ: ਦੀਆਂ ਕਿਸ਼ਤਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਮਹਿਲਾਵਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਵਿੱਚ ਸਰਕਾਰ ਨੂੰ ਮੁਸ਼ਕਲ ਕਿਉਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਨੇ ਸਰਕਾਰ ’ਤੇ ਭਰੋਸਾ ਕੀਤਾ, ਉਨ੍ਹਾਂ ਨੂੰ ਹੁਣ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਪੈ ਰਹੀ ਹੈ।

ਅਕਾਲੀ ਆਗੂ ਨੇ ਮਹਿਲਾਵਾਂ ਦੀ ਸੁਰੱਖਿਆ, ਸਨਮਾਨ ਅਤੇ ਆਰਥਿਕ ਹੱਕਾਂ ਤੋਂ ਇਲਾਵਾ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਵੀ ਉਠਾਇਆ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਦਾ ਪ੍ਰਭਾਵ ਪਿੰਡ-ਪਿੰਡ ਤੱਕ ਪਹੁੰਚ ਚੁੱਕਾ ਹੈ ਅਤੇ ਨਸ਼ੇ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਤੇ ਮਾਮਲਿਆਂ ਦੀ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ।

ਸ਼੍ਰੋਮਣੀ ਅਕਾਲੀ ਦਲ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪੰਜਾਬ ਦੀ ਅੱਧੀ ਆਬਾਦੀ ਮਹਿਲਾਵਾਂ ਦੀ ਹੈ ਅਤੇ ਉਨ੍ਹਾਂ ਦੇ ਹੱਕਾਂ, ਸੁਰੱਖਿਆ ਅਤੇ ਇਨਸਾਫ਼ ਨਾਲ ਜੁੜੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਮਾਵਾਂ ਅਤੇ ਧੀਆਂ ਦੀ ਆਵਾਜ਼ ਨੂੰ ਜਨਤਕ ਮੰਚ ’ਤੇ ਲਗਾਤਾਰ ਉਠਾਉਂਦੀ ਰਹੇਗੀ। 

ਗ੍ਰੈਂਡ ਰੋਮਾਨੀਆ ਪੈਲੇਸ, ਪਿੰਡ ਦੇਹੜੀ, ਲਾਂਡਰਾਂ-ਬਨੂੜ ਰੋਡ ’ਤੇ ਹੋਈ ਇਕੱਤਰਤਾ ਵਿੱਚ ਵੱਡੀ ਗਿਣਤੀ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ,  ਰਵਿੰਦਰ ਸਿੰਘ ਖੇੜਾ, ਪਰਮਜੀਤ ਕੌਰ ਲੰਡਰਾਂ, ਗੁਰਦੀਪ ਕੌਰ ਵਿੱਕੀ ਸਮੇਤ ਪਾਰਟੀ ਦੇ ਕਈ ਆਗੂ ਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *