
ਐੱਸ.ਏ.ਐੱਸ. ਨਗਰ, 8 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੁਲਾਈ 2026 ਵਿੱਚ ਕਰਵਾਈਆਂ ਗਈਆਂ ਅਨੁਪੂਰਕ ਪ੍ਰੀਖਿਆਵਾਂ (ਰੀ-ਅਪੀਅਰ/ਕੰਪਾਰਟਮੈਂਟ, ਵਾਧੂ ਵਿਸ਼ਾ ਅਤੇ ਵੋਕੇਸ਼ਨਲ ਵਿਸ਼ੇ) ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਬੋਰਡ ਵੱਲੋਂ ਬਾਰਵੀਂ ਸ਼੍ਰੇਣੀ ਦਾ ਨਤੀਜਾ 25 ਅਗਸਤ 2026 ਅਤੇ ਦਸਵੀਂ ਸ਼੍ਰੇਣੀ ਦਾ ਨਤੀਜਾ 28 ਅਗਸਤ 2026 ਨੂੰ ਘੋਸ਼ਿਤ ਕੀਤਾ ਗਿਆ ਸੀ।
ਇਨ੍ਹਾਂ ਪ੍ਰੀਖਿਆਵਾਂ ਨਾਲ ਸਬੰਧਤ ਜਿਹੜੇ ਪ੍ਰੀਖਿਆਰਥੀ ਆਪਣੇ ਨਤੀਜੇ ਦੀ ਰੀ-ਚੈਕਿੰਗ ਜਾਂ ਰੀ-ਵੈਲੁਏਸ਼ਨ ਕਰਵਾਉਣਾ ਚਾਹੁੰਦੇ ਹਨ, ਉਹ 7 ਸਤੰਬਰ ਤੋਂ 21 ਸਤੰਬਰ 2026 ਤੱਕ ਆਨਲਾਈਨ ਅਰਜ਼ੀ ਦੇ ਕੇ ਨਿਰਧਾਰਤ ਫੀਸ ਜਮ੍ਹਾਂ ਕਰਵਾ ਸਕਦੇ ਹਨ। ਬੋਰਡ ਨੇ ਪ੍ਰੀਖਿਆਰਥੀਆਂ ਨੂੰ ਹਦਾਇਤ ਕੀਤੀ ਹੈ ਕਿ ਆਨਲਾਈਨ ਫਾਰਮ ਅਤੇ ਫੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਰਿਕਾਰਡ ਲਈ ਸੰਭਾਲ ਕੇ ਰੱਖਣ।
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਆਨਲਾਈਨ ਭਰੇ ਫਾਰਮ ਦੀ ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਇਸ ਸਬੰਧੀ ਹੋਰ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲੱਬਧ ਹੈ।