Breaking News
Smart Media Dashmesh GS Electricals Smart Media Insurance Point Tav Prasad

ਕਲੱਬ ਦੇ ਖਰਚਿਆਂ ਦੀ ਜਬਰੀ ਵਸੂਲੀ ਖ਼ਿਲਾਫ਼ ਟੀ.ਡੀ.ਆਈ. ਬਿਲਡਰ ਦੇ ਦਫ਼ਤਰ ਅੱਗੇ ਧਰਨਾ

ਮੋਹਾਲੀ, 14 ਅਗਸਤ, ਪੰਜਾਬੀ ਦੁਨੀਆ ਬਿਊਰੋ:

ਸੈਕਟਰ-110 ਸਥਿਤ ਰੈਂਜੀਡੈਂਸ ਵੈਲਫੇਅਰ ਸੋਸਾਇਟੀ ਦੀ ਅਗਵਾਈ ਹੇਠ ਵਸਨੀਕਾਂ ਨੇ ਟੀ.ਡੀ.ਆਈ. ਬਿਲਡਰ ਦੀਆਂ ਕਥਿਤ ਮਨਮਾਨੀਆਂ ਅਤੇ ਕਲੱਬ ਦੇ ਖਰਚਿਆਂ ਦੀ ਜਬਰੀ ਵਸੂਲੀ ਖ਼ਿਲਾਫ਼ ਬਿਲਡਰ ਦੇ ਮੁੱਖ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ। ਧਰਨੇ ਦੀ ਅਗਵਾਈ ਸੋਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਨੇ ਕੀਤੀ।

ਸੋਸਾਇਟੀ ਆਗੂਆਂ ਨੇ ਦੋਸ਼ ਲਾਇਆ ਕਿ ਕਮਿਊਨਿਟੀ ਸੈਂਟਰ ਲਈ ਰਾਖਵੀਂ ਜਗ੍ਹਾ ’ਤੇ ਹੀ ਕਲੱਬ ਬਣਾਏ ਜਾਣ ਕਾਰਨ ਇਲਾਕੇ ਵਿੱਚ ਕਮਿਊਨਿਟੀ ਸੈਂਟਰ ਲਈ ਕੋਈ ਥਾਂ ਨਹੀਂ ਬਚੀ। ਉਨ੍ਹਾਂ ਕਿਹਾ ਕਿ ਕਲੱਬ ਦੀ ਲਾਈਫ ਮੈਂਬਰਸ਼ਿਪ ਤੋਂ ਇਲਾਵਾ ਵਸਨੀਕਾਂ ਕੋਲੋਂ ਸਾਲਾਨਾ ਖਰਚਿਆਂ ਦੇ ਨਾਂ ’ਤੇ ਵੀ ਵਸੂਲੀ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਜਾਇਦਾਦ ਦੀ ਖਰੀਦ-ਫਰੋਖਤ ਸਮੇਂ ਐੱਨ.ਓ.ਸੀ. ਲੈਣ ਲਈ ਪਿਛਲੇ ਸਾਲਾਂ ਦੇ ਕਲੱਬ ਖਰਚੇ ਵੀ ਵਸੂਲੇ ਜਾਂਦੇ ਹਨ, ਭਾਵੇਂ ਸਬੰਧਤ ਵਿਅਕਤੀ ਨੇ ਕਲੱਬ ਦੀ ਵਰਤੋਂ ਨਾ ਕੀਤੀ ਹੋਵੇ।

ਆਗੂਆਂ ਨੇ ਕਿਹਾ ਕਿ ਨਵੇਂ ਮੈਂਬਰਾਂ ਤੋਂ ਵੀ ਪਿਛਲੇ ਸਾਲਾਂ ਦੇ ਖਰਚਿਆਂ ਦੀ ਅਦਾਇਗੀ ਕਰਵਾਉਣ ਤੋਂ ਬਾਅਦ ਹੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਾਇਦਾਦ ਤਬਾਦਲੇ, ਨਾਨ-ਰਜਿਸਟ੍ਰੇਸ਼ਨ ਅਤੇ ਨਿਰਮਾਣ ਨਾ ਕਰਨ ਦੇ ਮਾਮਲਿਆਂ ਵਿੱਚ ਕਥਿਤ ਤੌਰ ’ਤੇ ਮਨਮਾਨੀਆਂ ਫੀਸਾਂ ਅਤੇ ਜੁਰਮਾਨੇ ਲਾਏ ਜਾ ਰਹੇ ਹਨ।

ਵਸਨੀਕਾਂ ਨੇ ਦੋਸ਼ ਲਾਇਆ ਕਿ ਮੈਂਟੇਨੈਂਸ ਵਸੂਲਣ ਦੇ ਬਾਵਜੂਦ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ ਅਤੇ ਮੈਂਟੇਨੈਂਸ ਫੰਡ ਦੀ ਆਮਦਨ-ਖਰਚ ਦਾ ਵੇਰਵਾ ਵੀ ਜਨਤਕ ਨਹੀਂ ਕੀਤਾ ਜਾਂਦਾ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਲੋੜੀਂਦੇ ਸੁਰੱਖਿਆ ਗਾਰਡ ਨਾ ਹੋਣ ਕਾਰਨ ਚੋਰੀਆਂ ਦੀਆਂ ਘਟਨਾਵਾਂ ਵਧ ਰਹੀਆਂ ਹਨ।

ਸੋਸਾਇਟੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਲਡਰ ਨੇ ਮਨਮਾਨੀਆਂ ਬੰਦ ਕਰਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਐੱਮ.ਐੱਲ. ਸ਼ਰਮਾ, ਅਮਰਜੀਤ ਸਿੰਘ ਸ਼ੇਖੋਂ, ਹਰਮਿੰਦਰ ਸਿੰਘ ਸੋਹੀ, ਬੰਤ ਸਿੰਘ ਭੁੱਲਰ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *