Breaking News
Smart Media Dashmesh Insurance Point

ਮੋਹਾਲੀ ਦੀਆਂ ਮਾਰਕੀਟਾਂ ਦੇ ਬੁਨਿਆਦੀ ਵਿਕਾਸ ਲਈ ਮਿਲਣਗੇ 2 ਕਰੋੜ ਰੁਪਏ

ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਣਜੀਤ ਪਾਲ ਸਿੰਘ ਨੇ ਸਰਕਾਰ ਦਾ ਕੀਤਾ ਧੰਨਵਾਦ

ਮੋਹਾਲੀ, 4 ਅਗਸਤ, ਮਨਜੀਤ ਸਿੰਘ ਚਾਨਾ : 

ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਵਪਾਰਕ ਮਾਰਕੀਟਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜਾਰੀ ਕੀਤੇ 40 ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਵਿੱਚੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲ੍ਹੇ ਨੂੰ 2 ਕਰੋੜ ਰੁਪਏ ਮਿਲਣਗੇ। ਇਸ ਰਾਸ਼ੀ ਨਾਲ ਮਾਰਕੀਟਾਂ ਵਿੱਚ ਸੜਕਾਂ, ਵਾਸ਼ਰੂਮਾਂ, ਬਿਜਲੀ ਪ੍ਰਬੰਧ ਅਤੇ ਹੋਰ ਨਾਗਰਿਕ ਸਹੂਲਤਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ।

ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਣਜੀਤ ਪਾਲ ਸਿੰਘ ਨੇ ਇਸ ਫ਼ੈਸਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਜਲਦ ਹੀ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਨੀਤੀਗਤ ਮਸਲਿਆਂ ਸਬੰਧੀ ਅਹਿਮ ਫ਼ੈਸਲੇ ਲਵੇਗਾ।

ਉਨ੍ਹਾਂ ਦੱਸਿਆ ਕਿ ਇਸ ਫੰਡ ਨਾਲ ਅਜਿਹੇ ਵਿਕਾਸ ਕਾਰਜ ਕਰਵਾਏ ਜਾਣਗੇ, ਜਿਨ੍ਹਾਂ ਲਈ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਕੋਲ ਲੋੜੀਂਦੇ ਫੰਡ ਉਪਲਬਧ ਨਹੀਂ ਹਨ। ਬਿਜਲੀ ਦੇ ਖੰਭਿਆਂ ਦੀ ਤਬਦੀਲੀ, ਸੜਕਾਂ ਦੀ ਮੁਰੰਮਤ ਅਤੇ ਆਧੁਨਿਕ ਵਾਸ਼ਰੂਮਾਂ ਦੀ ਉਸਾਰੀ ਨੂੰ ਤਰਜੀਹ ਦਿੱਤੀ ਜਾਵੇਗੀ।

ਰਣਜੀਤ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵਾਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਲਕਾ, ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਟ੍ਰੇਡਰਜ਼ ਕਮਿਸ਼ਨ ਬਣਾਏ ਗਏ ਹਨ। ਹੁਣ ਤੱਕ ਸੂਬੇ ਭਰ ਵਿੱਚ 800 ਤੋਂ ਵੱਧ ਮੀਟਿੰਗਾਂ ਦੌਰਾਨ ਕਰੀਬ 8,500 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਲਗਭਗ 65 ਫ਼ੀਸਦੀ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਫੇਜ਼-9 ਅਤੇ ਫੇਜ਼-10 ਦੀਆਂ ਮਾਰਕੀਟਾਂ ਸਮੇਤ ਹੋਰ ਵਪਾਰਕ ਖੇਤਰਾਂ ਵਿੱਚ ਵੀ ਵਿਕਾਸ ਕਾਰਜਾਂ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਵਪਾਰੀਆਂ ਦੀ ਸੁਰੱਖਿਆ ਲਈ ਲੋੜ ਅਨੁਸਾਰ ਪੁਲਿਸ ਦੀ ਪੀਸੀਆਰ ਵਿਵਸਥਾ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਵਿਸ਼ੇਸ਼ ਫੰਡ ਮਾਰਕੀਟਾਂ ਦੇ ਸਰਵਪੱਖੀ ਵਿਕਾਸ ਅਤੇ ਵਪਾਰੀਆਂ ਨੂੰ ਬਿਹਤਰ ਕਾਰੋਬਾਰੀ ਮਾਹੌਲ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

Leave a Reply

Your email address will not be published. Required fields are marked *