Breaking News
Dashmesh GS Electricals Smart Media Insurance Point Tav Prasad

ਮੋਹਾਲੀ ‘ਚ ਖਾਲੀ ਪਲਾਟਾਂ ਵਿੱਚ ਗੰਦਗੀ ਦੇ ਲੱਗੇ ਢੇਰ; ਲੋਕਾਂ ਦਾ ਜੀਣਾ ਕੀਤਾ ਦੁੱਭਰ

ਖਾਲੀ ਪਲਾਟਾਂ ਦੀ ਸਫ਼ਾਈ ਅਤੇ ਸੰਭਾਲ ਦੀ ਜ਼ਿੰਮੇਵਾਰੀ ਗਮਾਡਾ ਦੀ: ਸੀ.ਏ. ਸੰਦੀਪ ਰਿਸ਼ੀ

ਨਿਗਮ ਕਮਿਸ਼ਨਰ ਨਾਲ ਤਾਲਮੇਲ ਕਰਕੇ ਸਮੱਸਿਆ ਦਾ ਸਥਾਈ ਹੱਲ ਕੱਢਣ ਦਾ ਭਰੋਸਾ

ਮੋਹਾਲੀ, 28 ਜੁਲਾਈ, ਮਨਜੀਤ ਸਿੰਘ ਚਾਨਾ:

ਆਧੁਨਿਕ ਸਹੂਲਤਾਂ, ਕੌਮਾਂਤਰੀ ਹਵਾਈ ਅੱਡੇ ਅਤੇ ਉਦਯੋਗਿਕ ਵਿਕਾਸ ਲਈ ਦੇਸ਼-ਵਿਦੇਸ਼ ਵਿੱਚ ਵਿਲੱਖਣ ਪਛਾਣ ਬਣਾਉਣ ਵਾਲਾ ਮੋਹਾਲੀ ਸ਼ਹਿਰ ਅੱਜ ਗਮਾਡਾ ਦੇ ਖਾਲੀ ਪਲਾਟਾਂ ਵਿੱਚ ਲੱਗੇ ਗੰਦਗੀ ਦੇ ਢੇਰਾਂ, ਸੜਕਾਂ ‘ਤੇ ਘੁੰਮਦੇ ਅਵਾਰਾ ਪਸ਼ੂਆਂ ਆਦਿ ਕਾਰਨ ਗੰਭੀਰ ਸਫ਼ਾਈ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕਈ ਥਾਵਾਂ ‘ਤੇ ਕੂੜਾ-ਕਰਕਟ ਅਤੇ ਗੋਹੇ ਦੇ ਢੇਰ ਲੱਗਣ ਨਾਲ ਸਥਾਨਕ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ।

ਮਟੌਰ ਪਿੰਡ ਵਿੱਚ ਕਰੀਬ ਦੋ ਏਕੜ ਕਮਰਸ਼ੀਅਲ ਜ਼ਮੀਨ ਉੱਤੇ ਵੱਡੇ ਪੱਧਰ ‘ਤੇ ਗੰਦਗੀ ਅਤੇ ਗੋਹਾ ਸੁੱਟਿਆ ਜਾ ਰਿਹਾ ਹੈ। ਜਿਸ ਕਾਰਨ ਕਈ ਥਾਵਾਂ ਤੇ ਕੂੜੇ ਦੇ ਵੱਡੇ ਢੇਰ ਲੱਗ ਚੁੱਕੇ ਹਨ। ਸੈਕਟਰ-70 ਨੇੜੇ ਮਟੌਰ ਪਿੰਡ ਵਾਲਾ ਗੰਦਗੀ ਦਾ ਢੇਰ, ਮਨੌਲੀ ਪਿੰਡ, ਸ਼ਾਹੀ ਮਾਜਰਾ, ਕੁੰਬੜਾ, ਸੋਹਾਣਾ ਸਮੇਤ ਸ਼ਹਿਰ ਦੇ ਕਰੀਬ ਸੱਤ ਆਰ.ਐੱਮ.ਸੀ. ਪੁਆਇੰਟਾਂ ਦੇ ਆਲੇ-ਦੁਆਲੇ ਕੂੜੇ ਦੇ ਵੱਡੇ ਢੇਰ, ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਹੇ ਹਨ। ਸਬੰਧਤ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮਹਿੰਗੇ ਪਲਾਟ ਖਰੀਦ ਕੇ ਘਰ ਬਣਾਉਣ ਦੇ ਬਾਵਜੂਦ ਉਹ ਬਦਬੂ, ਮੱਖੀਆਂ ਅਤੇ ਗੰਦਗੀ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।

ਇਸ ਮਾਮਲੇ ‘ਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ (ਸੀ.ਏ.) ਸ੍ਰੀ ਸੰਦੀਪ ਰਿਸ਼ੀ ਨਾਲ ਗੱਲਬਾਤ ਕਰਨ ਉਤੇ, ਉਹਨਾਂ ਸਪੱਸ਼ਟ ਕੀਤਾ ਕਿ ਗਮਾਡਾ ਦੇ ਖਾਲੀ ਪਲਾਟਾਂ ਦੀ ਸਫ਼ਾਈ ਅਤੇ ਸੰਭਾਲ ਦੀ ਜ਼ਿੰਮੇਵਾਰੀ ਗਮਾਡਾ ਦੀ ਹੈ। ਜੇਕਰ ਗਮਾਡਾ ਇੱਕ ਵਾਰ ਸਫਾਈ ਕਰਵਾ ਵੀ ਦਿੰਦਾ ਹੈ, ਤਾਂ ਲੋਕ ਦੁਬਾਰਾ ਫਿਰ ਕੂੜਾ ਸੁੱਟ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਤੋਂ ਬਾਅਦ ਇਸ ਦੀ ਨਿਰੰਤਰ ਦੇਖ-ਭਾਲ ਅਤੇ ਡੋਰ-ਟੂ-ਡੋਰ ਕੂੜਾ ਇਕੱਠਾ ਕਰਨਾ, ਨਗਰ ਨਿਗਮ ਦੀ ਜ਼ਿੰਮੇਵਾਰੀ ਹੈ।

ਸ੍ਰੀ ਰਿਸ਼ੀ ਨੇ ਇਹ ਵੀ ਦੱਸਿਆ ਕਿ ਪਿੰਡਾਂ ਵਿਚ ਕਥਿਤ ਗੈਰ-ਕਾਨੂੰਨੀ ਡੇਅਰੀਆਂ ਦੇ ਸੰਚਾਲਕ, ਗੋਹਾ ਅਤੇ ਕੂੜਾ, ਖਾਲੀ ਪਲਾਟਾਂ ਵਿੱਚ ਸੁੱਟ ਰਹੇ ਹਨ, ਜਦਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਨਗਰ ਨਿਗਮ ਦੀ ਹੱਦ ਅੰਦਰ ਡੇਅਰੀ ਚਲਾਉਣ ‘ਤੇ ਪਾਬੰਦੀ ਹੈ। ਉਨ੍ਹਾਂ ਨਿਗਮ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਵੀ ਗੱਲ ਕਹੀ। ਇਸ ਤੋਂ ਇਲਾਵਾ ਆਸ-ਪਾਸ ਛੋਟੇ-ਛੋਟੇ ਮਕਾਨਾਂ ਵਿੱਚ ਕਿਰਾਏ ‘ਤੇ ਰਹਿ ਰਹੇ ਮਜ਼ਦੂਰਾਂ ਵੱਲੋਂ ਵੀ ਖਾਲੀ ਪਲਾਟਾਂ ਵਿੱਚ ਕੂੜਾ ਸੁੱਟਣਾ, ਇਸ ਸਮੱਸਿਆ ਨੂੰ ਹੋਰ ਗੁੰਝਲਦਾਰ ਬਣਾ ਰਿਹਾ ਹੈ।

ਗਮਾਡਾ ਦੀਆਂ ਸਫ਼ਾਈ ਲਈ ਭਵਿੱਖੀ ਯੋਜਨਾਵਾਂ: ਸੰਦੀਪ ਰਿਸ਼ੀ ਸੀਏ

ਇਸ ਦੌਰਾਨ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਗਮਾਡਾ ਵੱਲੋਂ ਸ਼ਹਿਰ ਵਿੱਚ ਕੂੜਾ ਇਕੱਠਾ ਕਰਨ ਲਈ 7 ਸਾਈਟਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 2 ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਐਰੋਸਿਟੀ, ਸੈਕਟਰ-96 ਅਤੇ ਐਰੋਟਰੋਪੋਲਿਸ ਵਿੱਚ ਆਰ.ਐਮ.ਸੀ. ਪਲਾਂਟ ਵੀ ਸਥਾਪਤ ਕੀਤੇ ਗਏ ਹਨ। ਨਾਲ ਹੀ ਸ੍ਰੀ ਰਿਸ਼ੀ ਨੇ ਦੱਸਿਆ ਕਿ ਗਮਾਡਾ ਆਪਣੇ ਖਾਲੀ ਪਲਾਟਾਂ ਨੂੰ ਕਵਰ ਕਰਨ ਦੀ ਯੋਜਨਾ ‘ਤੇ ਵੀ ਕੰਮ ਕਰ ਰਿਹਾ ਹੈ ਅਤੇ ਸ਼ਹਿਰ ਦੀ ਸਫ਼ਾਈ ਲਈ ਨਗਰ ਨਿਗਮ ਕਮਿਸ਼ਨਰ ਨਾਲ ਜਲਦ ਤਾਲਮੇਲ ਕਰਕੇ ਇਸ ਸਮੱਸਿਆ ਦਾ ਸਥਾਈ ਹੱਲ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

Leave a Reply

Your email address will not be published. Required fields are marked *