
ਚੰਡੀਗੜ੍ਹ, 26 ਸਤੰਬਰ, ਪੰਜਾਬੀ ਦੁਨੀਆ ਬਿਊਰੋ :
ਮੌਜੂਦਾ ਚੈਂਪੀਅਨ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਨੀਵਾਰ ਨੂੰ ਲਗਾਤਾਰ ਮੀਂਹ ਦਰਮਿਆਨ ਜਾਪਾਨ ਨੂੰ 2-0 ਨਾਲ ਹਰਾ ਕੇ ਏਸ਼ੀਆਈ ਖੇਡਾਂ 2026 ਦੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਕਾਕਾਮਿਗਹਾਰਾ ਦੇ ਕਾਵਾਸਾਕੀ ਜੁਕੋ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਪੂਲ-ਏ ਦੇ ਮੁਕਾਬਲੇ ਵਿੱਚ ਭਾਰਤ ਨੇ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ।
ਭਾਰਤ ਵੱਲੋਂ ਅਭਿਸ਼ੇਕ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਜਾਪਾਨ ਨੇ ਮੈਚ ਦੌਰਾਨ ਭਾਰਤ ਨੂੰ ਸਖ਼ਤ ਟੱਕਰ ਦਿੱਤੀ ਅਤੇ ਕਈ ਮੌਕਿਆਂ ’ਤੇ ਜਵਾਬੀ ਹਮਲੇ ਕੀਤੇ, ਪਰ ਭਾਰਤੀ ਰੱਖਿਆ ਅਤੇ ਗੋਲਕੀਪਰ ਸੂਰਜ ਕਰਕੇਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ ਗੋਲ ਕਰਨ ਤੋਂ ਰੋਕਿਆ।
ਮੁਕਾਬਲੇ ਦੀ ਸ਼ੁਰੂਆਤ ਤੇਜ਼ ਰਫ਼ਤਾਰ ਨਾਲ ਹੋਈ। ਤੀਜੇ ਮਿੰਟ ਵਿੱਚ ਅਭਿਸ਼ੇਕ ਨੂੰ ਇੱਕ ਏਰੀਅਲ ਪਾਸ ਰਾਹੀਂ ਗੋਲ ਕਰਨ ਦਾ ਮੌਕਾ ਮਿਲਿਆ, ਪਰ ਖਤਰਨਾਕ ਖੇਡ ਕਾਰਨ ਇਸ ਮੂਵ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤ ਨੂੰ ਪੈਨਲਟੀ ਕਾਰਨਰ ਵੀ ਮਿਲੇ, ਪਰ ਜਾਪਾਨੀ ਖਿਡਾਰੀਆਂ ਨੇ ਡੱਟ ਕੇ ਸਾਹਮਣਾ ਕੀਤਾ।
ਸੱਤਵੇਂ ਮਿੰਟ ਵਿੱਚ ਜਾਪਾਨ ਨੇ ਲਗਾਤਾਰ ਦੋ ਮੌਕੇ ਬਣਾਏ, ਪਰ ਕਰਕੇਰਾ ਨੇ ਸ਼ਾਨਦਾਰ ਬਚਾਅ ਕੀਤਾ। ਭਾਰਤ ਨੇ ਦਬਾਅ ਜਾਰੀ ਰੱਖਿਆ ਅਤੇ ਆਖ਼ਿਰਕਾਰ ਦੋ ਗੋਲਾਂ ਨਾਲ ਮੁਕਾਬਲਾ ਆਪਣੇ ਨਾਮ ਕੀਤਾ।
ਇਹ ਮੈਚ ਭਾਰਤੀ ਡਿਫੈਂਡਰ ਸੰਜੇ ਲਈ ਵੀ ਖਾਸ ਰਿਹਾ, ਕਿਉਂਕਿ ਉਨ੍ਹਾਂ ਨੇ ਆਪਣਾ 100ਵਾਂ ਸੀਨੀਅਰ ਅੰਤਰਰਾਸ਼ਟਰੀ ਮੈਚ ਖੇਡਿਆ। ਭਾਰਤ ਹੁਣ 28 ਸਤੰਬਰ ਨੂੰ ਬੰਗਲਾਦੇਸ਼ ਖ਼ਿਲਾਫ਼ ਪੂਲ ਮੈਚ ਖੇਡੇਗਾ।