
ਮੋਹਾਲੀ, 21 ਜੁਲਾਈ, ਪੰਜਾਬੀ ਦੁਨੀਆ ਬਿਊਰੋ :
ਨਗਰ ਨਿਗਮ ਮੋਹਾਲੀ ਦੀ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਨੇ ਅੱਜ ਆਪਣੀ ਪਤੀ ਅਤੇ ਭਾਜਪਾ ਪੰਜਾਬ ਦੇ ਸਟੇਟ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨਾਲ ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀਮਤੀ ਕੋਮਲ ਮਿੱਤਲ ਨਾਲ ਮੁਲਾਕਾਤ ਕਰਕੇ ਆਪਣੇ ਵਾਰਡ ਨੰਬਰ 41 ਅਤੇ ਸੰਭਾਲਕੀ ਨਾਲ ਸਬੰਧਤ ਅਹਿਮ ਜਨਤਕ ਮੁੱਦੇ ਉਠਾਏ।
ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਵਾਰਡ ਨੰਬਰ 41 ਅਧੀਨ ਵੇਵ ਐਸਟੇਟ ਸੈਕਟਰ-85, 86, 88, ਸੰਭਾਲਕੀ ਅਤੇ ਨਾਨੂ ਮਾਜਰਾ ਵਿੱਚ ਸੈਨੀਟੇਸ਼ਨ ਦੇ ਮਾੜੇ ਹਾਲਾਤ, ਸੀਵਰੇਜ ਸਮੱਸਿਆ, ਮੀਂਹ ਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ਦੀ ਅਣਉਚਿਤ ਸਪਲਾਈ, ਖਰਾਬ ਸਟ੍ਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਪੱਕਾ ਹੱਲ ਕੀਤਾ ਜਾਵੇ।
ਇਸ ਮੌਕੇ ਸੰਭਾਲਕੀ ਦੀ ਪੰਚਾਇਤੀ/ਸਰਕਾਰੀ ਜ਼ਮੀਨ ‘ਤੇ ਬਿਨਾਂ ਬੋਲੀ ਕਥਿਤ ਨਾਜਾਇਜ਼ ਕਬਜ਼ੇ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਹਰਦੇਵ ਸਿੰਘ ਉੱਭਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਮੌਕੇ ‘ਤੇ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਵਾਰਡ ਨੰਬਰ 41 ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਅਤੇ ਸਰਕਾਰੀ ਸੰਪਤੀ ਦੀ ਰੱਖਿਆ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ, ਪਾਰਦਰਸ਼ਤਾ ਅਤੇ ਵਿਕਾਸ ਲਈ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।