
ਹੁਣ Jio, Airtel ਤੇ Vi ਸਮੇਤ ਟੈਲੀਕਾਮ ਕੰਪਨੀਆਂ ਨੂੰ ਹਰ ਵੈਧਤਾ ਲਈ ਵਾਇਸ-ਐੱਸਐੱਮਐੱਸ ਪਲਾਨ ਦੇਣਾ ਹੋਵੇਗਾ
ਚੰਡੀਗੜ੍ਹ/ ਨਵੀਂ ਦਿੱਲੀ, 22 ਸਤੰਬਰ, ਪੰਜਾਬੀ ਦੁਨੀਆ ਬਿਊਰੋ :
ਇੰਟਰਨੈੱਟ ਡਾਟਾ ਦੀ ਘੱਟ ਵਰਤੋਂ ਕਰਨ ਵਾਲੇ ਮੋਬਾਈਲ ਖਪਤਕਾਰਾਂ ਲਈ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਨਵੇਂ ਨਿਯਮ ਜਾਰੀ ਕੀਤੇ ਹਨ। 22 ਸਤੰਬਰ ਨੂੰ ਜਾਰੀ ਕੀਤੇ ਗਏ ‘ਟੈਲੀਕਾਮ ਕੰਜ਼ਿਊਮਰ ਪ੍ਰੋਟੈਕਸ਼ਨ (13ਵੀਂ ਸੋਧ) ਰੈਗੂਲੇਸ਼ਨਜ਼, 2026’ ਤਹਿਤ ਟੈਲੀਕਾਮ ਕੰਪਨੀਆਂ ਨੂੰ ਵਾਇਸ ਅਤੇ ਐੱਸਐੱਮਐੱਸ ਵਾਲੇ, ਪਰ ਡਾਟਾ ਤੋਂ ਬਿਨਾਂ, ਹੋਰ ਵਿਕਲਪ ਦੇਣੇ ਪੈਣਗੇ।
ਨਵੇਂ ਨਿਯਮ ਮੁਤਾਬਕ ਜੇ ਕੋਈ ਕੰਪਨੀ ਵਾਇਸ, SMS ਅਤੇ Data ਵਾਲਾ ਪਲਾਨ ਕਿਸੇ ਖਾਸ ਮਿਆਦ ਲਈ ਪੇਸ਼ ਕਰਦੀ ਹੈ ਤਾਂ ਉਸੇ ਮਿਆਦ ਲਈ Voice ਅਤੇ SMS ਦਾ ਵੱਖਰਾ ਸਪੈਸ਼ਲ ਟੈਰਿਫ ਵਾਊਚਰ ਵੀ ਉਪਲਬਧ ਕਰਵਾਉਣਾ ਹੋਵੇਗਾ। ਅਜਿਹੇ ਪਲਾਨ ਦੀ ਕੀਮਤ ਬੰਡਲ ਪਲਾਨ ਦੇ ਮੁਕਾਬਲੇ ਅਨੁਪਾਤਕ ਤੌਰ ’ਤੇ ਘੱਟ ਰੱਖਣੀ ਹੋਵੇਗੀ।
ਇਸ ਦਾ ਮਤਲਬ ਹੈ ਕਿ 28 ਜਾਂ 30 ਦਿਨਾਂ ਵਰਗੀ ਵੈਧਤਾ ਵਾਲੇ ਡਾਟਾ ਸਮੇਤ ਪਲਾਨ ਦੇ ਨਾਲ ਗਾਹਕਾਂ ਨੂੰ ਉਸੇ ਵੈਧਤਾ ਦਾ ਬਿਨਾਂ ਡਾਟਾ ਵਾਲਾ ਵਿਕਲਪ ਵੀ ਮਿਲੇਗਾ। ਲੰਬੀ ਵੈਧਤਾ ਵਾਲੇ ਪਲਾਨਾਂ ਲਈ ਵੀ ਇਸੇ ਤਰ੍ਹਾਂ ਦੇ Voice-SMS ਵਿਕਲਪ ਦੇਣੇ ਹੋਣਗੇ।
TRAI ਅਨੁਸਾਰ ਨਿਯਮਾਂ ਦਾ ਮਕਸਦ ਉਨ੍ਹਾਂ ਖਪਤਕਾਰਾਂ ਲਈ ਹੋਰ ਚੋਣਾਂ ਅਤੇ ਛੋਟੀ ਮਿਆਦ ਵਾਲੇ ਰੀਚਾਰਜ ਉਪਲਬਧ ਕਰਵਾਉਣਾ ਹੈ ਜੋ ਮੁੱਖ ਤੌਰ ’ਤੇ ਕਾਲਾਂ ਅਤੇ ਐੱਸਐੱਮਐੱਸ ਦੀ ਵਰਤੋਂ ਕਰਦੇ ਹਨ। ਨਵੇਂ ਨਿਯਮ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਤੋਂ 30 ਦਿਨ ਬਾਅਦ ਲਾਗੂ ਹੋਣਗੇ।