Breaking News
Smart Media Dashmesh Mohali Walk Smart Media Insurance Point Hardev Singh Ubha

ਜੁਝਾਰ ਨਗਰ ’ਚ ਪਾਣੀ ਦੇ ਬਿੱਲਾਂ ਨੂੰ ਲੈ ਕੇ ਬਲਬੀਰ ਸਿੱਧੂ ਨੇ ਚੁੱਕੇ ਸਵਾਲ

500 ਤੋਂ ਵੱਧ ਪਰਿਵਾਰਾਂ ਨੂੰ 5,000 ਤੋਂ 8,000 ਰੁਪਏ ਤੱਕ ਦੇ ਬਿੱਲ ਭੇਜਣ ਦਾ ਦੋਸ਼; ਜਾਂਚ ਦੀ ਮੰਗ

ਮੋਹਾਲੀ, 22 ਸਤੰਬਰ, ਮਨਜੀਤ ਸਿੰਘ ਚਾਨਾ:

ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਜੁਝਾਰ ਨਗਰ ਦੇ ਵਸਨੀਕਾਂ ਨੂੰ ਕਥਿਤ ਤੌਰ ’ਤੇ ਭੇਜੇ ਜਾ ਰਹੇ ਹਜ਼ਾਰਾਂ ਰੁਪਏ ਦੇ ਪਾਣੀ ਦੇ ਬਿੱਲਾਂ ਦਾ ਮੁੱਦਾ ਉਠਾਉਂਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ 500 ਤੋਂ ਵੱਧ ਪਰਿਵਾਰਾਂ ਨੂੰ 5,000 ਤੋਂ 8,000 ਰੁਪਏ ਤੱਕ ਦੇ ਬਿੱਲ ਭੇਜੇ ਗਏ ਹਨ, ਜਦਕਿ ਇਹ ਬਿੱਲ ਕਿਸੇ ਸਰਕਾਰੀ ਵਿਭਾਗ ਵੱਲੋਂ ਜਾਰੀ ਨਹੀਂ ਕੀਤੇ ਗਏ।

ਸਿੱਧੂ ਨੇ ਕਿਹਾ ਕਿ ਉਨ੍ਹਾਂ ਮੁਤਾਬਕ ਪਾਣੀ ਦੀ ਸਰਕਾਰੀ ਫੀਸ ਆਮ ਖਪਤਕਾਰ ਲਈ 150 ਰੁਪਏ ਅਤੇ ਐੱਸਸੀ ਵਰਗ ਲਈ 75 ਰੁਪਏ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਪੰਚਾਇਤ ਨੂੰ ਵਾਟਰ ਸਪਲਾਈ ਡਿਸਟ੍ਰੀਬਿਊਸ਼ਨ ਦਾ ਚਾਰਜ ਸੰਭਾਲਿਆਂ ਹਾਲੇ ਕਰੀਬ ਦੋ ਮਹੀਨੇ ਹੀ ਹੋਏ ਹਨ, ਪਰ ਪੁਰਾਣੇ ਬਕਾਏ ਦੇ ਨਾਂ ’ਤੇ ਪਿਛਲੇ ਕਈ ਸਾਲਾਂ ਦੀ ਫੀਸ ਵਸੂਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੰਚਾਇਤ ਵੱਲੋਂ ਬਣਾਈ ਗਈ ਵਾਟਰ ਸਪਲਾਈ ਸੈਨੀਟੇਸ਼ਨ ਕਮੇਟੀ ਰਾਹੀਂ ਵਸੂਲੀ ਕੀਤੀ ਜਾ ਰਹੀ ਹੈ ਅਤੇ ਕਥਿਤ ਤੌਰ ’ਤੇ 4 ਫੀਸਦੀ ਵਾਧੂ ਚਾਰਜ ਵੀ ਲਿਆ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸਬੰਧਤ ਐਕਸੀਅਨ ਨਾਲ ਗੱਲ ਕੀਤੀ ਹੈ, ਜਿਸ ਮੁਤਾਬਕ ਵਿਭਾਗ ਵੱਲੋਂ ਕੋਈ ਪੁਰਾਣਾ ਬਕਾਇਆ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਅਜਿਹੇ ਬਿੱਲ ਜਾਰੀ ਕੀਤੇ ਗਏ ਹਨ।

ਸਿੱਧੂ ਨੇ ਦਾਅਵਾ ਕੀਤਾ ਕਿ ਜਿਹੜੇ ਵਸਨੀਕ ਬਿੱਲਾਂ ਦੀ ਅਦਾਇਗੀ ਨਹੀਂ ਕਰ ਰਹੇ, ਉਨ੍ਹਾਂ ਦੇ ਪਾਣੀ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁੜ ਕੁਨੈਕਸ਼ਨ ਲਈ 2,500 ਰੁਪਏ ਅਤੇ ਨਵੇਂ ਕੁਨੈਕਸ਼ਨ ਲਈ 25,000 ਰੁਪਏ ਤੱਕ ਦੀ ਮੰਗ ਕੀਤੀ ਜਾ ਰਹੀ ਹੈ।

ਸਿੱਧੂ ਨੇ ਵਿਧਾਇਕ ਕੁਲਵੰਤ ਸਿੰਘ ਅਤੇ ਪਿੰਡ ਦੀ ਪੰਚਾਇਤ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਇਨ੍ਹਾਂ ਵਸੂਲੀਆਂ ਪਿੱਛੇ ਕੋਈ ਨਿਯਮਤ ਪ੍ਰਕਿਰਿਆ ਹੈ ਤਾਂ ਉਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਬੁਨਿਆਦੀ ਸਹੂਲਤ ਹੈ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਵਸੂਲੀ ਨਿਯਮਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ।

ਉਨ੍ਹਾਂ ਪੰਜਾਬ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਤੋਂ ਕਥਿਤ ਬਿੱਲਾਂ, ਕੁਨੈਕਸ਼ਨ ਕੱਟਣ ਅਤੇ ਮੁੜ ਜਾਂ ਨਵੇਂ ਕੁਨੈਕਸ਼ਨਾਂ ਲਈ ਵਸੂਲੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸਿੱਧੂ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਕੋਈ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *