
ਪਦਮਸ਼੍ਰੀ ਸ਼ੈੱਫ ਡਾ. ਸੰਜੀਵ ਕਪੂਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਮੋਹਾਲੀ, 22 ਸਤੰਬਰ, ਮਨਜੀਤ ਸਿੰਘ ਚਾਨਾ:
ਚੰਡੀਗੜ੍ਹ ਕਾਲਜ ਆਫ ਹਾਸਪਿਟੈਲਿਟੀ (ਸੀਸੀਐਚ), ਸੀਜੀਸੀ ਲਾਂਡਰਾਂ ਵਿਖੇ ਰਜਿਸਟਰਡ ਐਨਜੀਓ ‘ਲੈਟਸ ਗਿਵ ਬੈਕ’ ਦੇ ਸਹਿਯੋਗ ਨਾਲ ਰਸੋਈ ਮੁਕਾਬਲੇ ‘ਕਹੀਂ ਗੁਮ ਨਾ ਹੋ ਜਾਏਂ’ ਸੀਜ਼ਨ-9 ਦੇ ਪੰਜਾਬ ਐਡੀਸ਼ਨ ਦਾ ਆਯੋਜਨ ਕੀਤਾ ਗਿਆ। ‘ਮਾਈ ਸਟੇਟ ਇਨ ਮਾਈ ਪਲੇਟ’ ਥੀਮ ’ਤੇ ਆਧਾਰਿਤ ਇਸ ਮੁਕਾਬਲੇ ਵਿੱਚ ਟ੍ਰਾਈਸਿਟੀ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ 40 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਅਤੇ ਰਵਾਇਤੀ ਤੇ ਭੁੱਲੇ-ਵਿਸਰੇ ਪਕਵਾਨਾਂ ਰਾਹੀਂ ਪੰਜਾਬ ਸਮੇਤ ਭਾਰਤ ਦੀ ਅਮੀਰ ਭੋਜਨ ਵਿਰਾਸਤ ਨੂੰ ਪੇਸ਼ ਕੀਤਾ।
ਮੁਕਾਬਲੇ ਵਿੱਚ ਸ਼੍ਰੀਮਤੀ ਰਿਤੂ ਸੋਨੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸ਼੍ਰੀਮਤੀ ਅਨੀਤਾ ਬਲਾਨਾ ਪਹਿਲੀ ਉਪ-ਜੇਤੂ ਰਹੀ। ਜੱਜਿੰਗ ਦੌਰਾਨ ਵੱਖ-ਵੱਖ ਖੇਤਰੀ ਪਕਵਾਨਾਂ ਅਤੇ ਰਵਾਇਤੀ ਰਸੋਈ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। ਜੱਜਿੰਗ ਪੈਨਲ ਵਿੱਚ ਸ਼ੈੱਫ ਵਿਸ਼ਵਦੀਪ ਸਿੰਘ ਬਾਲੀ, ਸ਼ੈੱਫ ਵਿਕਾਸ ਚਾਵਲਾ ਅਤੇ ਡਾ. ਵਿਮਲ ਕੁਮਾਰ ਸ਼ਾਮਲ ਸਨ।

ਸਮਾਗਮ ਵਿੱਚ ਪਦਮ ਸ਼੍ਰੀ ਸ਼ੈੱਫ ਡਾ. ਸੰਜੀਵ ਕਪੂਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਪ੍ਰਤੀਯੋਗੀਆਂ ਨੂੰ ਆਪਣੇ ਪਸੰਦੀਦਾ ਖੇਤਰ ਵਿੱਚ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਗੂ ਬਣਨ ਲਈ ਸਖ਼ਤ ਮਿਹਨਤ ਜ਼ਰੂਰੀ ਹੈ ਅਤੇ ਪ੍ਰਤੀਯੋਗੀਆਂ ਨੂੰ ਰਸੋਈ ਦੇ ਖੇਤਰ ਦੇ ਨਾਲ-ਨਾਲ ਜੀਵਨ ਵਿੱਚ ਵੀ ਉੱਤਮਤਾ ਹਾਸਲ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਡ, ਸੀਜੀਸੀ ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ‘ਕਹੀਂ ਗੁਮ ਨਾ ਹੋ ਜਾਏਂ’ ਦੇ ਸਹਿ-ਸੰਸਥਾਪਕ ਕਰਨਲ ਅਤੁਲ ਸਕਸੈਨਾ, ਸੀਸੀਐਚ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਵਿਮਲ ਕੁਮਾਰ, ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਸਾਬਕਾ ਵਿਧਾਇਕ ਐਸ. ਗੁਰਪ੍ਰੀਤ ਸਿੰਘ ਜੀਪੀ ਅਤੇ ਪੋਸ਼ਣ ਵਿਗਿਆਨੀ ਤੇ ਕੁੱਕਰੀ ਮਾਹਰ ਸਰਿਤਾ ਖੁਰਾਨਾ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਮੰਤਰੀ ਸੋਂਡ ਨੇ ਵਿਦਿਆਰਥੀਆਂ ਨੂੰ ਸਿੱਖਣ ਅਤੇ ਅਜਿਹੀਆਂ ਪਹਿਲਕਦਮੀਆਂ ਰਾਹੀਂ ਤਜਰਬਾ ਹਾਸਲ ਕਰਨ ਦੇ ਮੌਕੇ ਦੇਣ ਲਈ ਸੀਜੀਸੀ ਲਾਂਡਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਵਾਇਤੀ ਪਕਵਾਨ ਸਿਰਫ਼ ਭੋਜਨ ਨਹੀਂ, ਸਗੋਂ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੀ ਸੱਭਿਆਚਾਰਕ ਵਿਰਾਸਤ ਵੀ ਹਨ।

‘ਕਹੀਂ ਗੁਮ ਨਾ ਹੋ ਜਾਏਂ’ ਸੀਜ਼ਨ-9 ਦੇ ਮੁਕਾਬਲੇ ਦੇਸ਼ ਭਰ ਵਿੱਚ 22 ਤੋਂ ਵੱਧ ਸਥਾਨਾਂ ਤੋਂ ਇਲਾਵਾ ਕੈਨੇਡਾ, ਨਿਊਜ਼ੀਲੈਂਡ ਅਤੇ ਅਮਰੀਕਾ ਵਿੱਚ ਵੀ ਕਰਵਾਏ ਜਾ ਰਹੇ ਹਨ। ਸਾਲ 2016 ਵਿੱਚ ਮਰਹੂਮ ਬਬੀਤਾ ਸਕਸੈਨਾ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਨੂੰ ਹੁਣ ਸਹਿ-ਸੰਸਥਾਪਕ ਕਰਨਲ ਅਤੁਲ ਸਕਸੈਨਾ ਅੱਗੇ ਵਧਾ ਰਹੇ ਹਨ। ਪੰਜਾਬ ਐਡੀਸ਼ਨ ਦੇ ਚੋਟੀ ਦੇ ਦੋ ਜੇਤੂ ਦਿੱਲੀ ਵਿੱਚ ਹੋਣ ਵਾਲੇ ਗ੍ਰੈਂਡ ਫਿਨਾਲੇ ਵਿੱਚ ਰਾਜ ਦੀ ਨੁਮਾਇੰਦਗੀ ਕਰਨਗੇ, ਜਿੱਥੇ ਰਾਸ਼ਟਰੀ ਪੱਧਰ ਦੇ ਚੋਟੀ ਦੇ ਤਿੰਨ ਜੇਤੂਆਂ ਲਈ ਕੁੱਲ 1.50 ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ।