
ਸਟੈਨਜ਼ਿਨ ਨੂੰ ਮਿਲਿਆ ‘ਮਿਸਟਰ ਆਈਕੇਜੀਪੀਟੀਯੂ’ ਦਾ ਖ਼ਿਤਾਬ
ਮੋਹਾਲੀ, 12 ਨਵੰਬਰ, ਮਨਜੀਤ ਸਿੰਘ ਚਾਨਾ :
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਵਿਖੇ ਆਈਕੇਜੀਪੀਟੀਯੂ ਦੇ ਤਿੰਨ ਰੋਜ਼ਾ ਅੰਤਰ-ਕਾਲਜ ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਬੈਸਟ ਫਿਜ਼ੀਕ ਟੂਰਨਾਮੈਂਟ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਕਾਲਜਾਂ ਦੇ ਖਿਡਾਰੀਆਂ ਨੇ ਤਾਕਤ, ਸਰੀਰਕ ਸਮਰੱਥਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ।
ਟੂਰਨਾਮੈਂਟ ਵਿੱਚ ਆਈਕੇਜੀਪੀਟੀਯੂ ਦੇ ਆਬਜ਼ਰਵਰ ਕੇ.ਡੀ.ਐੱਸ. ਨਾਗਰਾ ਅਤੇ ਕਮਲਦੀਪ ਸਿੰਘ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਅੰਤਰਰਾਸ਼ਟਰੀ ਪਾਵਰਲਿਫਟਿੰਗ ਚੈਂਪੀਅਨ ਅਤੇ ਸੀਜੀਸੀ ਦੇ ਸਾਬਕਾ ਵਿਦਿਆਰਥੀ ਬੀਰੇਂਦਰ ਕਾਰਕੀ ਨੇ ਸ਼ਿਰਕਤ ਕੀਤੀ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਖੇਡ ਵਿਭਾਗ ਦੇ ਮੁਖੀ ਕੈਪਟਨ ਵਿਨੋਦ ਜਸਵਾਲ ਅਤੇ ਡਾਇਰੈਕਟਰ ਅਕਾਦਮਿਕ ਡਾ. ਅਸ਼ੋਕ ਕੁਮਾਰ ਵੀ ਮੌਜੂਦ ਸਨ।
ਵੇਟਲਿਫਟਿੰਗ ਵਿੱਚ ਸੀਈਸੀ-ਸੀਜੀਸੀ ਲਾਂਡਰਾਂ ਨੇ ਪਹਿਲਾ, ਸੀਓਈ-ਸੀਜੀਸੀ ਲਾਂਡਰਾਂ ਨੇ ਦੂਜਾ ਅਤੇ ਜੀਐੱਨਈ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਪਾਵਰਲਿਫਟਿੰਗ ਵਿੱਚ ਵੀ ਸੀਈਸੀ ਲਾਂਡਰਾਂ ਪਹਿਲੇ ਸਥਾਨ ’ਤੇ ਰਿਹਾ, ਜਦਕਿ ਸੀਈਸੀ ਝੰਜੇੜੀ ਅਤੇ ਜੀਐੱਨਈ ਲੁਧਿਆਣਾ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ।
ਬੈਸਟ ਫਿਜ਼ੀਕ ਮੁਕਾਬਲੇ ਵਿੱਚ ਵੀ ਸੀਈਸੀ ਲਾਂਡਰਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਸੀਈਸੀ ਝੰਜੇੜੀ ਦੂਜੇ ਅਤੇ ਕੇਸੀ ਕਾਲਜ ਆਫ਼ ਫਾਰਮੇਸੀ ਤੀਜੇ ਸਥਾਨ ’ਤੇ ਰਿਹਾ। ਕੇਸੀ ਕਾਲਜ ਦੇ ਸਟੈਨਜ਼ਿਨ ਨੂੰ ‘ਮਿਸਟਰ ਆਈਕੇਜੀਪੀਟੀਯੂ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਜੇਤੂਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।