
ਵਾਸ਼ਿੰਗਟਨ, 19 ਸਤੰਬਰ, ਪੰਜਾਬੀ ਦੁਨੀਆ ਬਿਊਰੋ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ 18 ਸਤੰਬਰ ਨੂੰ ਰੂਸ ’ਤੇ ਨਵੀਆਂ ਪਾਬੰਦੀਆਂ ਨਾਲ ਸਬੰਧਤ ਵਿਆਪਕ ਕਾਨੂੰਨ ’ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਕਾਨੂੰਨ ਨਾਲ ਅਮਰੀਕਾ ਨੂੰ ਰੂਸੀ ਤੇਲ ਅਤੇ ਗੈਸ ਦੇ ਵੱਡੇ ਖਰੀਦਦਾਰ ਦੇਸ਼ਾਂ ਤੋਂ ਹੋਣ ਵਾਲੇ ਆਯਾਤ ’ਤੇ 100 ਫੀਸਦੀ ਤੱਕ ਟੈਰਿਫ ਲਗਾਉਣ ਦਾ ਅਧਿਕਾਰ ਮਿਲ ਗਿਆ ਹੈ। ਇਸ ਨਾਲ ਭਾਰਤ ’ਤੇ ਵੀ ਵਪਾਰਕ ਦਬਾਅ ਵਧਣ ਦਾ ਖ਼ਤਰਾ ਬਣ ਗਿਆ ਹੈ।
‘ਲਿੰਡਸੇ ਓ. ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ, 2026’ ਨੂੰ ਕਾਂਗਰਸ ਦੇ ਦੋਵਾਂ ਸਦਨਾਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਟਰੰਪ ਨੇ ਕਾਨੂੰਨ ਬਣਾਇਆ। ਅਮਰੀਕੀ ਪ੍ਰਤੀਨਿਧੀ ਸਭਾ ਨੇ 16 ਸਤੰਬਰ ਨੂੰ ਇਸਨੂੰ 262-159 ਵੋਟਾਂ ਨਾਲ ਪਾਸ ਕੀਤਾ, ਜਦਕਿ ਸੈਨੇਟ ਨੇ ਅਗਸਤ ਵਿੱਚ 86-11 ਵੋਟਾਂ ਨਾਲ ਮਨਜ਼ੂਰੀ ਦਿੱਤੀ ਸੀ। ਵ੍ਹਾਈਟ ਹਾਊਸ ਮੁਤਾਬਕ ਨਵਾਂ ਕਾਨੂੰਨ ਰੂਸ ’ਤੇ ਪਾਬੰਦੀਆਂ, ਟੈਰਿਫ ਅਤੇ ਹੋਰ ਰੋਕਾਂ ਦਾ ਦਾਇਰਾ ਵਧਾਉਂਦਾ ਹੈ ਅਤੇ ਇਰਾਨ ’ਤੇ ਮੌਜੂਦਾ ਪਾਬੰਦੀਆਂ ਵੀ ਜਾਰੀ ਰੱਖਦਾ ਹੈ।
ਭਾਰਤ ਲਈ ਵੱਡੀ ਚਿੰਤਾ ਇਹ ਹੈ ਕਿ ਰੂਸੀ ਕੱਚੇ ਤੇਲ ਜਾਂ ਕੁਦਰਤੀ ਗੈਸ ਦੀ ਖਰੀਦ ਅਤੇ ਪਾਬੰਦੀਆਂ ਤੋਂ ਬਚਣ ਨਾਲ ਜੁੜੀਆਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਵਾਲੇ ਦੇਸ਼ਾਂ ਤੋਂ ਆਯਾਤ ’ਤੇ 100 ਫੀਸਦੀ ਤੱਕ ਟੈਰਿਫ ਲਗਾਇਆ ਜਾ ਸਕਦਾ ਹੈ।