
ਸਵੈ-ਗਣਨਾ ਲਈ 16 ਨਵੰਬਰ ਤੋਂ 30 ਨਵੰਬਰ ਤੱਕ ਮਿਲੇਗਾ ਮੌਕਾ
ਜਾਗਰੂਕਤਾ ਲਈ 9 ਡਿਜੀਟਲ ਐਲਈਡੀ ਵੈਨਾਂ ਰਵਾਨਾ
ਚੰਡੀਗੜ੍ਹ, 11 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਵਿੱਚ ਜਨਗਣਨਾ-2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਤੇਜ਼ ਕਰਦਿਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਨੌਂ ਡਿਜੀਟਲ ਐਲਈਡੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਡਾਇਰੈਕਟੋਰੇਟ ਆਫ਼ ਸੈਂਸਸ ਆਪ੍ਰੇਸ਼ਨਜ਼, ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਤੋਂ ਸਵੇਰੇ 11 ਵਜੇ ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਇਨ੍ਹਾਂ ਵੈਨਾਂ ਨੂੰ ਰਵਾਨਾ ਕੀਤਾ। ਵੈਨਾਂ ਰਾਹੀਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ, ਕਸਬਿਆਂ, ਬਾਜ਼ਾਰਾਂ ਅਤੇ ਪ੍ਰਮੁੱਖ ਜਨਤਕ ਥਾਵਾਂ ’ਤੇ ਆਡੀਓ-ਵੀਡੀਓ ਸੰਦੇਸ਼ਾਂ ਰਾਹੀਂ ਜਨਗਣਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਵਾਹਨਾਂ ’ਤੇ ਲੱਗੇ ਕਿਊਆਰ ਕੋਡ ਰਾਹੀਂ ਲੋਕ ਸਿੱਧੇ ਅਧਿਕਾਰਤ ਨੈਸ਼ਨਲ ਸੈਂਸਸ ਪੋਰਟਲ ਨਾਲ ਜੁੜ ਸਕਣਗੇ।
ਪੰਜਾਬ ਵਿੱਚ ਜਨਗਣਨਾ ਦਾ ਦੂਜਾ ਪੜਾਅ, 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ, ਜਦਕਿ ਇਸ ਦੀ ਰੈਫਰੈਂਸ ਮਿਤੀ 5 ਜਨਵਰੀ 2027 ਦੀ ਰਾਤ 12 ਵਜੇ ਹੋਵੇਗੀ। ਇਸ ਤੋਂ ਪਹਿਲਾਂ 16 ਤੋਂ 30 ਨਵੰਬਰ ਤੱਕ ਲੋਕਾਂ ਨੂੰ ਸਵੈ-ਗਣਨਾ ਦੀ ਸਹੂਲਤ ਮਿਲੇਗੀ। ਇਸ ਤਹਿਤ ਨਾਗਰਿਕ se.census.gov.in ਪੋਰਟਲ ’ਤੇ ਲਾਗਇਨ ਕਰਕੇ ਜਨਗਣਨਾ ਨਾਲ ਸਬੰਧਤ 40 ਸਵਾਲਾਂ ਦੇ ਜਵਾਬ ਖੁਦ ਦਰਜ ਕਰ ਸਕਣਗੇ। 30 ਨਵੰਬਰ ਨੂੰ ਇਹ ਪੋਰਟਲ ਬੰਦ ਹੋ ਜਾਵੇਗਾ।ਡਾ. ਖੋਸਾ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਜਨਗਣਨਾ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਵੱਧ ਤੋਂ ਵੱਧ ਜਨਤਕ ਭਾਗੀਦਾਰੀ ਯਕੀਨੀ ਬਣਾਉਣਾ ਹੈ। ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਐਨੂਮਰੇਟਰਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਸਵੈ-ਗਣਨਾ ਦੀ ਸਹੂਲਤ ਦਾ ਲਾਭ ਉਠਾਉਣ।
ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਟੋਲ-ਫ੍ਰੀ ਹੈਲਪਲਾਈਨ ਨੰਬਰ 1855 ਵੀ ਜਾਰੀ ਕੀਤਾ ਗਿਆ ਹੈ। ਜਨਗਣਨਾ ਪ੍ਰਸ਼ਨਾਵਲੀ ਭਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸ਼ੰਕਾ ਲਈ ਇਸ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਬਾਕੀ ਰਹਿ ਗਏ ਵਿਅਕਤੀਆਂ ਨੂੰ ਸ਼ਾਮਲ ਕਰਨ ਲਈ ਜਨਗਣਨਾ ਤੋਂ ਤਿੰਨ ਤੋਂ ਪੰਜ ਦਿਨ ਬਾਅਦ ਰਿਵੀਜ਼ਨ ਰਾਊਂਡ ਵੀ ਹੋਵੇਗਾ।
ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਅਤੇ ਹੋਰ ਅਪਡੇਟਾਂ ਲਈ ਸੋਸ਼ਲ ਮੀਡੀਆ ’ਤੇ ਵੀ @censusdcopunjab ਰਾਹੀਂ ਲੋਕਾਂ ਨਾਲ ਸੰਪਰਕ ਬਣਾਇਆ ਜਾਵੇਗਾ।