
ਨਵੀਂ ਦਿੱਲੀ, 22 ਅਗਸਤ, ਪੰਜਾਬੀ ਦੁਨੀਆ ਬਿਊਰੋ :
ਨਵੀਂ ਦਿੱਲੀ ਵਿੱਚ 20 ਜੁਲਾਈ ਨੂੰ ਕਾਕਰੋਚ ਜਨਤਾ ਪਾਰਟੀ (CJP) ਦੇ ਪ੍ਰਦਰਸ਼ਨ ਦੌਰਾਨ 19 ਸਾਲਾ ਸਾਹਿਲ ਲੋਚਾਬ ਦੇ ਪੈਲੇਟ ਗਨ (pellet gun) ਨਾਲ ਜ਼ਖਮੀ ਹੋਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਨੂੰ FIR ਦਰਜ ਕਰ ਲਈ ਹੈ। ਇਹ ਕਾਰਵਾਈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਥਾਣੇ ਦੇ ਬਾਹਰ ਦਿੱਤੇ 7 ਘੰਟੇ ਦੇ ਲੰਬੇ ਧਰਨੇ ਤੋਂ ਬਾਅਦ ਕੀਤੀ ਗਈ। ਇਹ ਮਾਮਲਾ ਭਾਰਤੀ ਨਿਆਇ ਸੰਹਿਤਾ (BNS), 2023 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ। ਸਾਹਿਲ ਦੇ ਸਰੀਰ ਅਤੇ ਸੱਜੀ ਅੱਖ ਵਿੱਚ ਪੈਲੇਟ ਲੱਗਣ ਕਾਰਨ ਉਸਦੀ ਨਜ਼ਰ ‘ਤੇ ਗੰਭੀਰ ਅਸਰ ਪਿਆ ਹੈ।
ਸਾਹਿਲ ਅਤੇ ਉਸਦੀ ਮਾਂ ਨਾਲ ਮੌਜੂਦ ਰਾਹੁਲ ਗਾਂਧੀ ਨੇ ਕਿਹਾ ਕਿ ਇਹ FIR ਇਨਸਾਫ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। ਉਨ੍ਹਾਂ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਕੇਸ ਦਰਜ ਕਰਨ ਵਿੱਚ 8 ਘੰਟੇ ਲੱਗ ਗਏ। ਜੇਕਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਨਸਾਫ਼ ਮਿਲਣਾ ਇੰਨਾ ਔਖਾ ਹੈ, ਤਾਂ ਪਿੰਡਾਂ ਦੇ ਪੁਲਿਸ ਥਾਣਿਆਂ ਵਿੱਚ ਆਮ ਲੋਕਾਂ, ਔਰਤਾਂ ਅਤੇ ਬੱਚਿਆਂ ਨਾਲ ਕੀ ਹੁੰਦਾ ਹੋਵੇਗਾ, ਇਸਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।”
ਸਾਹਿਲ ਨੇ ਦੋਸ਼ ਲਾਇਆ ਸੀ ਕਿ ਪੁਲਿਸ ਪਹਿਲਾਂ ਉਸ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਨ ਤੋਂ ਇਨਕਾਰ ਕਰ ਰਹੀ ਸੀ। ਰਾਹੁਲ ਗਾਂਧੀ ਦੇ ਇਸ ਪ੍ਰਦਰਸ਼ਨ ਅਤੇ ਦਬਾਅ ਤੋਂ ਬਾਅਦ ਆਖਰਕਾਰ ਪੁਲਿਸ ਨੂੰ ਮਾਮਲਾ ਦਰਜ ਕਰਨਾ ਪਿਆ।