Breaking News
Smart Media Dashmesh Insurance Point

ਬੋਰਡ ਦੇ 223 ਸੀਜ਼ਨਲ ਦਿਹਾੜੀਦਾਰਾਂ ਨੂੰ ਵੱਡੀ ਰਾਹਤ; ਪੂਰੇ ਮਹੀਨੇ ਦੀ ਤਨਖਾਹ ਤੇ 58 ਸਾਲ ਤੱਕ ਸੇਵਾ ਦਾ ਲਾਭ

ਨਵੀਂ ਪਾਲਿਸੀ ਤਹਿਤ ਪੂਰੇ ਮਹੀਨੇ ਦੀ ਤਨਖਾਹ, 10 ਛੁੱਟੀਆਂ, ਗਜਟਿਡ ਛੁੱਟੀਆਂ ਤੇ ਈ.ਐਸ.ਆਈ.-ਈ.ਪੀ.ਐੱਫ. ਦੀ ਸਹੂਲਤ

ਐਸ.ਏ.ਐਸ. ਨਗਰ, 8 ਅਕਤੂਬਰ, ਮਨਜੀਤ ਸਿੰਘ ਚਾਨਾ:

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਦੀ ਭਲਾਈ ਲਈ ਤਿਆਰ ਕੀਤੀ ਪਾਲਿਸੀ-2026 ਲਾਗੂ ਕਰ ਦਿੱਤੀ ਗਈ ਹੈ। ਨਵੀਂ ਨੀਤੀ ਤਹਿਤ 223 ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਨੂੰ ਲਾਭ ਮਿਲਿਆ ਹੈ ਅਤੇ ਨੀਤੀ ਅਪਣਾਉਣ ਵਾਲੇ ਯੋਗ ਕਰਮਚਾਰੀਆਂ ਨੂੰ ਦਫ਼ਤਰੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐਸ. (ਰਿਟਾ.) ਨੇ ਦੱਸਿਆ ਕਿ ਜਿਨ੍ਹਾਂ ਸੀਜ਼ਨਲ ਦਿਹਾੜੀਦਾਰਾਂ ਨੇ ਫਾਰਮ-ਏ ਭਰ ਕੇ ਨੀਤੀ ਅਪਣਾਈ ਹੈ, ਉਨ੍ਹਾਂ ਲਈ ਨਿਯਮਾਂ ਅਨੁਸਾਰ ਦਫ਼ਤਰੀ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨੀਤੀ ਲੰਬੇ ਸਮੇਂ ਤੋਂ ਬੋਰਡ ਵਿੱਚ ਸੇਵਾਵਾਂ ਨਿਭਾ ਰਹੇ ਦਿਹਾੜੀਦਾਰਾਂ ਦੀਆਂ ਸੇਵਾਵਾਂ ਨੂੰ ਵਿਵਸਥਿਤ ਕਰਨ ਅਤੇ ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ।

ਨਵੀਂ ਨੀਤੀ ਤਹਿਤ ਹੁਣ ਸੀਜ਼ਨਲ ਦਿਹਾੜੀਦਾਰਾਂ ਨੂੰ ਪੂਰੇ ਮਹੀਨੇ ਦੀ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਸਾਲ ਦੌਰਾਨ 10 ਛੁੱਟੀਆਂ, ਗਜਟਿਡ ਛੁੱਟੀਆਂ ਅਤੇ ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ ਦਾ ਲਾਭ ਵੀ ਮਿਲੇਗਾ। ਲਾਗੂ ਨਿਯਮਾਂ ਅਨੁਸਾਰ ਈ.ਐਸ.ਆਈ. ਅਤੇ ਈ.ਪੀ.ਐੱਫ. ਸਮੇਤ ਸਮਾਜਿਕ ਸੁਰੱਖਿਆ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।

ਨੀਤੀ ਅਨੁਸਾਰ ਜਾਰੀ ਦਫ਼ਤਰੀ ਹੁਕਮਾਂ ਨਾਲ ਕਰਮਚਾਰੀਆਂ ਨੂੰ ਬੋਰਡ ਵਿੱਚ ਆਪਣੀ ਸੇਵਾ ਸਬੰਧੀ ਅਧਿਕਾਰਤ ਦਫ਼ਤਰੀ ਪਛਾਣ ਮਿਲੇਗੀ। ਉਨ੍ਹਾਂ ਨੂੰ ਸ਼ਨਾਖਤੀ ਕਾਰਡ ਅਤੇ ਨਿਯਮਾਂ ਅਨੁਸਾਰ ਸ਼ਨਾਖਤੀ ਨੰਬਰ ਜਾਰੀ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ। ਯੋਗ ਕਰਮਚਾਰੀਆਂ ਦੀ ਸੇਵਾ 58 ਸਾਲ ਦੀ ਉਮਰ ਤੱਕ ਨਿਰੰਤਰ ਜਾਰੀ ਰਹੇਗੀ ਅਤੇ ਯੋਗਤਾ ਅਨੁਸਾਰ ਕਲੈਰੀਕਲ ਅਤੇ ਗਰੁੱਪ-ਡੀ ਦੇ ਕੰਮਾਂ ਲਈ ਤਾਇਨਾਤੀ ਕੀਤੀ ਜਾਵੇਗੀ।

ਸੀਜ਼ਨਲ ਦਿਹਾੜੀਦਾਰਾਂ ਨੇ ਨੀਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਅਤੇ ਬੋਰਡ ਪ੍ਰਬੰਧਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਮਹੀਨੇ ਵਿੱਚ ਕਰੀਬ 12 ਤੋਂ 18 ਦਿਨਾਂ ਦੀ ਹੀ ਮਜ਼ਦੂਰੀ ਮਿਲਦੀ ਸੀ, ਜਦਕਿ ਨਵੀਂ ਨੀਤੀ ਨਾਲ ਉਨ੍ਹਾਂ ਨੂੰ ਵਿੱਤੀ ਸਥਿਰਤਾ, ਸੇਵਾ ਸੁਰੱਖਿਆ ਅਤੇ ਸਨਮਾਨ ਮਿਲਣ ਦੀ ਉਮੀਦ ਹੈ।

Leave a Reply

Your email address will not be published. Required fields are marked *