
IQAC, ਸੀਜੀਸੀ ਲਾਂਡਰਾਂ ਵੱਲੋਂ ‘ਏਆਈ ਪਾਵਰਡ ਟੀਚਿੰਗ’ ਵਿਸ਼ੇ ’ਤੇ ਵਰਕਸ਼ਾਪ; 60 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਲਿਆ ਹਿੱਸਾ
ਮੋਹਾਲੀ, 8 ਅਕਤੂਬਰ, ਮਨਜੀਤ ਸਿੰਘ ਚਾਨਾ :
ਸੀਜੀਸੀ ਲਾਂਡਰਾਂ ਦੇ ਇੰਟਰਨਲ ਕਵਾਲਟੀ ਐਸ਼ੋਰੈਂਸ ਸੈੱਲ (IQAC) ਵੱਲੋਂ ਉੱਚ ਸਿੱਖਿਆ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ‘ਏਆਈ ਪਾਵਰਡ ਟੀਚਿੰਗ: ਅ ਹੈਂਡਸ ਆਨ ਐਪਰੋਚ ਟੂ ਟੂਲਜ਼ ਐਂਡ ਟੈਕਨੀਕਸ ਇਨ ਹਾਇਅਰ ਐਜੂਕੇਸ਼ਨ’ ਵਿਸ਼ੇ ’ਤੇ ਇੱਕ ਰੋਜ਼ਾ ਵਿਹਾਰਕ ਆਨਲਾਈਨ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਵਿੱਚ 60 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਭਾਗ ਲਿਆ।
ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਉੱਚ ਸਿੱਖਿਆ ਦੇ ਅਧਿਆਪਨ ਅਤੇ ਸਿੱਖਣ ਵਿੱਚ ਏਆਈ ਟੂਲਜ਼ ਅਤੇ ਤਕਨੀਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਲਈ ਲੋੜੀਂਦੇ ਗਿਆਨ ਅਤੇ ਵਿਹਾਰਕ ਹੁਨਰ ਪ੍ਰਦਾਨ ਕਰਨਾ ਸੀ। ਐਨ.ਆਈ.ਟੀ. ਜਲੰਧਰ ਦੀ ਸਹਾਇਕ ਪ੍ਰੋਫੈਸਰ ਡਾ. ਨਿਤਿਕਾ ਨਿਗਮ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕਰਦਿਆਂ ਭਾਗੀਦਾਰਾਂ ਨੂੰ ਵਿਸ਼ੇ ਨਾਲ ਸਬੰਧਤ ਮਾਹਿਰ ਮਾਰਗਦਰਸ਼ਨ ਦਿੱਤਾ।
ਵਰਕਸ਼ਾਪ ਦੌਰਾਨ ਏਆਈ ਅਤੇ ਜਨਰੇਟਿਵ ਏਆਈ ਦੀਆਂ ਬੁਨਿਆਦੀ ਧਾਰਨਾਵਾਂ ਤੋਂ ਇਲਾਵਾ ਪਾਠ-ਯੋਜਨਾ ਤਿਆਰ ਕਰਨ, ਸਿੱਖਣ ਸਮੱਗਰੀ ਦੀ ਸਿਰਜਣਾ, ਵਿਦਿਆਰਥੀਆਂ ਦੀ ਸ਼ਮੂਲੀਅਤ ਵਧਾਉਣ, ਮੁਲਾਂਕਣ ਅਤੇ ਵਿਅਕਤੀਗਤ ਸਿੱਖਿਆ ਵਿੱਚ ਏਆਈ ਦੀ ਵਰਤੋਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਲਾਈਵ ਪ੍ਰਦਰਸ਼ਨਾਂ, ਵਿਹਾਰਕ ਅਭਿਆਸਾਂ ਅਤੇ ਇੰਟਰਐਕਟਿਵ ਚਰਚਾਵਾਂ ਰਾਹੀਂ ਭਾਗੀਦਾਰਾਂ ਨੂੰ ਏਆਈ ਆਧਾਰਿਤ ਇੰਸਟ੍ਰਕਸ਼ਨਲ ਸਰੋਤਾਂ ਦੀ ਵਰਤੋਂ ਦੇ ਤਰੀਕੇ ਸਮਝਾਏ ਗਏ।
ਇੱਕ ਵਿਸ਼ੇਸ਼ ਵਿਹਾਰਕ ਸੈਸ਼ਨ ਵਿੱਚ ਭਾਗੀਦਾਰਾਂ ਨੂੰ Brisk AI ਅਤੇ School AI ਵਰਗੇ ਏਆਈ ਆਧਾਰਿਤ ਸਿੱਖਿਆ ਸਾਧਨਾਂ ਨਾਲ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਟੀਚਿੰਗ-ਲਰਨਿੰਗ ਰਿਸੋਰਸਜ਼, ਇੰਟਰਐਕਟਿਵ ਗਤੀਵਿਧੀਆਂ, ਅਸੈਸਮੈਂਟ, ਪ੍ਰੈਜ਼ਨਟੇਸ਼ਨਾਂ ਅਤੇ ਹੋਰ ਅਧਿਆਪਨ ਸਮੱਗਰੀ ਤਿਆਰ ਕਰਨ ਦੇ ਤਰੀਕੇ ਸਿੱਖੇ। ਨਾਲ ਹੀ ਏਆਈ ਰਾਹੀਂ ਤਿਆਰ ਸਮੱਗਰੀ ਨੂੰ ਲਰਨਿੰਗ ਆਬਜੈਕਟਿਵਜ਼ ਅਤੇ ਉਮੀਦ ਕੀਤੇ ਲਰਨਿੰਗ ਆਊਟਕਮਜ਼ ਨਾਲ ਜੋੜਨ ’ਤੇ ਵੀ ਜ਼ੋਰ ਦਿੱਤਾ ਗਿਆ।
ਇਸ ਮੌਕੇ ਡਾ. ਹਰਸਿਮਰਨ ਕੌਰ, ਡੀਨ, ਆਈਕਿਊਏਸੀ, ਸੀਜੀਸੀ ਲਾਂਡਰਾਂ ਨੇ ਕਿਹਾ ਕਿ ਏਆਈ ਉੱਚ ਸਿੱਖਿਆ ਵਿੱਚ ਨਵੀਨਤਾ ਦਾ ਮਹੱਤਵਪੂਰਨ ਸਾਧਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਕੇਵਲ ਫੈਕਲਟੀ ਨੂੰ ਏਆਈ ਟੂਲਜ਼ ਨਾਲ ਜਾਣੂ ਕਰਵਾਉਣਾ ਨਹੀਂ, ਸਗੋਂ ਇਨ੍ਹਾਂ ਦੀ ਅਰਥਪੂਰਨ ਅਤੇ ਜ਼ਿੰਮੇਵਾਰ ਵਰਤੋਂ ਲਈ ਉਨ੍ਹਾਂ ਦੀ ਵਿਹਾਰਕ ਸਮਰੱਥਾ ਵਿਕਸਿਤ ਕਰਨਾ ਵੀ ਹੈ। ਵਰਕਸ਼ਾਪ ਦੀ ਸਮਾਪਤੀ ਏਆਈ ਅਤੇ ਜਨਰੇਟਿਵ ਏਆਈ ਨੂੰ ਅਕਾਦਮਿਕ ਅਭਿਆਸਾਂ ਵਿੱਚ ਜ਼ਿੰਮੇਵਾਰੀ ਨਾਲ ਸ਼ਾਮਲ ਕਰਨ ਸਬੰਧੀ ਵਿਚਾਰ-ਵਟਾਂਦਰੇ ਨਾਲ ਹੋਈ।