
SEBI ਨੇ ਰਾਜੇਸ਼ ਮਹਿਤਾ ‘ਤੇ ਸ਼ੇਅਰ ਬਾਜ਼ਾਰ ਵਿੱਚ ਲੈਣ-ਦੇਣ ਕਰਨ ‘ਤੇ ਲਾਈ ਪਾਬੰਦੀ
ਨਵੀਂ ਦਿੱਲੀ, 5 ਜੂਨ, 2026:
ਮੋਦੀ ਸਰਕਾਰ ਦੇ ਰਾਜ ਦੌਰਾਨ ਦੇਸ਼ ਵਿੱਚ ਇੱਕ ਹੋਰ ਵੱਡਾ ਫਰਜ਼ੀ ਘੁਟਾਲਾ ਸਾਹਮਣੇ ਆਇਆ ਹੈ। ਜਿਸ ਦਾ ਭਾਰਤੀ ਸ਼ੇਅਰ ਬਾਜ਼ਾਰ ਦੇ ਰੈਗੂਲੇਟਰ (SEBI) ਨੇ ਇੱਕ ਹੈਰਾਨ ਕਰਨ ਵਾਲਾ ਵੱਡਾ ਖੁਲਾਸਾ ਕੀਤਾ ਹੈ। ਸੇਬੀ ਮੁਤਾਬਕ ਬੈਂਗਲੁਰੂ ਦੀ ਮਸ਼ਹੂਰ ਜਿਊਲਰੀ ਕੰਪਨੀ ਰਾਜੇਸ਼ ਐਕਸਪੋਰਟਸ ਲਿਮਟਿਡ ਅਤੇ ਇਸ ਦੇ ਚੇਅਰਮੈਨ ਰਾਜੇਸ਼ ਮਹਿਤਾ ‘ਤੇ ਲਗਭਗ 15.15 ਲੱਖ ਕਰੋੜ ਰੁਪਏ ਦੇ ਕਥਿਤ ਘੁਟਾਲੇ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਦੌਰਾਨ ਸੇਬੀ ਨੇ ਇੱਕ ਅੰਤਰਿਮ ਹੁਕਮ ਜਾਰੀ ਕਰਦਿਆਂ ਰਾਜੇਸ਼ ਮਹਿਤਾ ‘ਤੇ ਸ਼ੇਅਰ ਬਾਜ਼ਾਰ ਵਿੱਚ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਜ਼ਮ ਦੀ ਇੱਕ ਪੁਰਾਣੀ ਤਸਵੀਰ ਵੀ ਵਾਇਰਲ ਹੋ ਰਹੀ ਹੈ!

ਸੇਬੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਜੇਸ਼ ਐਕਸਪੋਰਟਸ ਨੇ ਵਿੱਤੀ ਸਾਲ 2021 ਅਤੇ ਵਿੱਤੀ ਸਾਲ 2025 ਦੇ ਵਿਚਕਾਰ ਆਪਣੇ ਕੰਸੋਲੀਡੇਟਿਡ ਰੈਵੇਨਿਊ (ਮਾਲੀਏ) ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਮਾਲੀਏ ਦਾ 99.8 ਫੀਸਦੀ ਹਿੱਸਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੰਪਨੀ ‘ਤੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਵੀ ਕਥਿਤ ਦੋਸ਼ ਲੱਗੇ ਹਨ।
ਇੱਥੇ ਦੱਸਣਯੋਗ ਹੈ ਕਿ LIC ਨੇ ਇਸ ਕੰਪਨੀ ਵਿੱਚ ₹2,000 ਕਰੋੜ ਤੋਂ ਵੱਧ ਜਨਤਕ ਪੈਸਾ ਨਿਵੇਸ਼ ਕੀਤਾ। LIC ਦੇ ਨਿਵੇਸ਼ ਤੋਂ ਬਾਅਦ, ਆਮ ਨਿਵੇਸ਼ਕਾਂ ਨੇ ਵੀ ਲਗਭਗ ₹450 ਕਰੋੜ ਦਾ ਨਿਵੇਸ਼ ਕੀਤਾ। ਇਨ੍ਹਾਂ ਨਿਵੇਸ਼ਾਂ ਦੀ ਕੀਮਤ ਹੁਣ ਉਨ੍ਹਾਂ ਦੀ ਅਸਲ ਕੀਮਤ ਦੇ ਲਗਭਗ 20% ਤੱਕ ਡਿੱਗ ਗਈ ਹੈ। ਅੱਜ, SEBI ਨੇ ਕਿਹਾ ਕਿ ਇਹ ਪੂਰਾ ਮਾਲੀਆ ਅੰਕੜਾ ਕਥਿਤ ਤੌਰ ‘ਤੇ ਕਾਲਪਨਿਕ ਸੀ। ਕੰਪਨੀ ਦੇ ਸ਼ੇਅਰ ਦੀ ਕੀਮਤ 80% ਡਿੱਗ ਗਈ ਹੈ। LIC ਨੂੰ ਲਗਭਗ ₹1,600 ਕਰੋੜ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਪ੍ਰਚੂਨ ਨਿਵੇਸ਼ਕਾਂ ਨੂੰ ਲਗਭਗ ₹450 ਕਰੋੜ ਦਾ ਨੁਕਸਾਨ ਹੋਇਆ ਹੈ।
ਇਸ ਖੁਲਾਸੇ ਤੋਂ ਬਾਅਦ ਜਿੱਥੇ ਰਾਜੇਸ਼ ਐਕਸਪੋਰਟਸ ਦੇ ਸ਼ੇਅਰਾਂ ਨੂੰ 5 ਫੀਸਦੀ ਦੀ ਗਿਰਾਵਟ ਆਈ ਹੈ, ਉੱਥੇ ਹੀ ਭਾਰਤੀ ਜੀਵਨ ਬੀਮਾ ਨਿਗਮ (LIC) ਦੇ ਸ਼ੇਅਰਾਂ ਵਿੱਚ ਵੀ 1 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੰਕੜਿਆਂ ਮੁਤਾਬਕ, ਰਾਜੇਸ਼ ਐਕਸਪੋਰਟਸ ਵਿੱਚ LIC ਦੀ 10.80 ਫੀਸਦੀ ਹਿੱਸੇਦਾਰੀ ਹੈ, ਜਿਸ ਕਾਰਨ ਨਿਵੇਸ਼ਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ।
ਫੋਰਬਸ ਮੁਤਾਬਕ, ਅਕਤੂਬਰ 2019 ਤੱਕ ਮਹਿਤਾ ਦੀ ਕੁੱਲ ਸੰਪਤੀ 1.57 ਅਰਬ ਡਾਲਰ ਸੀ। ਪਰ ਹੁਣ ਸੇਬੀ ਦੀ ਤਾਜ਼ਾ ਕਾਰਵਾਈ ਨੇ ਰਾਜੇਸ਼ ਮਹਿਤਾ ਅਤੇ ਉਨ੍ਹਾਂ ਦੇ ਕਾਰੋਬਾਰ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਕੰਪਨੀ ਦੇ ਰੋਜ਼ਾਨਾ ਦੇ ਵਿੱਤੀ ਕੰਮਾਂ ‘ਤੇ ਮਹਿਤਾ ਦਾ ਪੂਰਾ ਕੰਟਰੋਲ ਸੀ, ਜਿਸ ਕਾਰਨ ਉਨ੍ਹਾਂ ਨੂੰ ਹੀ ਇਸ ਗੜਬੜੀ ਲਈ ਮੁੱਖ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।