Breaking News
Smart Media Insurance Point

ਐਨ.ਸੀ.ਸੀ. ਆਰਮੀ ਵਿੰਗ ਵੱਲੋਂ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਲੈਕਚਰ ਕਰਵਾਇਆ

ਮੋਹਾਲੀ, 17 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਐਨ.ਸੀ.ਸੀ. ਦਿਵਸ ਨੂੰ ਸਮਰਪਿਤ ਆਰਮੀ ਇੰਸਟੀਚਿਊਟ ਆਫ਼ ਲਾਅ (ਏ.ਆਈ.ਐਲ.), ਸੈਕਟਰ-68, ਮੋਹਾਲੀ ਦੇ ਐਨ.ਸੀ.ਸੀ. ਆਰਮੀ ਵਿੰਗ ਵੱਲੋਂ ਕਾਲਜ ਦੇ ਸੈਮੀਨਾਰ ਹਾਲ ਵਿੱਚ ਸੜਕ ਸੁਰੱਖਿਆ ਸਬੰਧੀ ਵਿਸ਼ੇਸ਼ ਜਾਗਰੂਕਤਾ ਲੈਕਚਰ ਕਰਵਾਇਆ ਗਿਆ। ਇਹ ਸਮਾਗਮ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਕਾਨੂੰਨ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਜ਼ਿੰਮੇਵਾਰ ਡਰਾਈਵਿੰਗ ਪ੍ਰਤੀ ਜਾਗਰੂਕ ਕਰਨਾ ਸੀ।

ਇਸ ਮੌਕੇ ਸੰਸਥਾ ਦੀ ਪ੍ਰਿੰਸੀਪਲ ਡਾ. ਰਸ਼ਮੀ ਖੁਰਾਣਾ ਨਾਗਪਾਲ, ਰਜਿਸਟਰਾਰ ਕਰਨਲ ਗੁਰਦੇਵ ਸਿੰਘ (ਸੇਵਾਮੁਕਤ) ਅਤੇ ਪਲੇਸਮੈਂਟ ਅਫ਼ਸਰ ਕਰਨਲ ਪੰਕਜ ਖੰਨਾ (ਸੇਵਾਮੁਕਤ) ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਪ੍ਰੋਗਰਾਮ ਦਾ ਆਯੋਜਨ ਕੇਅਰਟੇਕਰ ਅਫ਼ਸਰ (ਸੀ.ਟੀ.ਓ.) ਡਾ. ਸਵਿਤਾ ਸੈਣੀ ਦੀ ਅਗਵਾਈ ਹੇਠ ਕੀਤਾ ਗਿਆ।

ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਹੈੱਡ ਕਾਂਸਟੇਬਲ ਰਾਜੀਵ ਸ਼ਰਮਾ ਅਤੇ ਕਾਂਸਟੇਬਲ ਪ੍ਰਸ਼ਾਂਤ ਕੌਸ਼ਿਕ ਨੇ ਐਨ.ਸੀ.ਸੀ. ਕੈਡਿਟਾਂ ਅਤੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਅਹਿਮ ਨਿਯਮਾਂ, ਸਾਵਧਾਨੀ ਨਾਲ ਵਾਹਨ ਚਲਾਉਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਉਲੰਘਣਾ ਕਰਨ ਦੇ ਕਾਨੂੰਨੀ ਨਤੀਜਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਅਸਲ ਘਟਨਾਵਾਂ ਦੀਆਂ ਉਦਾਹਰਣਾਂ ਰਾਹੀਂ ਸੜਕ ਹਾਦਸਿਆਂ ਨੂੰ ਰੋਕਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ‘ਤੇ ਵੀ ਜ਼ੋਰ ਦਿੱਤਾ।

ਪ੍ਰਿੰਸੀਪਲ ਡਾ. ਰਸ਼ਮੀ ਖੁਰਾਣਾ ਨਾਗਪਾਲ ਨੇ ਐਨ.ਸੀ.ਸੀ. ਆਰਮੀ ਵਿੰਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਵਿਦਿਆਰਥੀਆਂ ਨੂੰ ਅਦਾਲਤ ਦੇ ਨਾਲ-ਨਾਲ ਆਮ ਜੀਵਨ ਵਿੱਚ ਵੀ ਕਾਨੂੰਨ ਦੀ ਪਾਲਣਾ ਕਰਕੇ ਸਮਾਜ ਲਈ ਮਿਸਾਲ ਬਣਨਾ ਚਾਹੀਦਾ ਹੈ।

ਅੰਤ ਵਿੱਚ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ। ਡਾ. ਸਵਿਤਾ ਸੈਣੀ ਨੇ ਧੰਨਵਾਦੀ ਮਤਾ ਪੇਸ਼ ਕਰਦਿਆਂ ਕਾਲਜ ਪ੍ਰਬੰਧਕਾਂ, ਟ੍ਰੈਫਿਕ ਪੁਲਿਸ ਅਧਿਕਾਰੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *