
ਏਅਰ ਇੰਡੀਆ ਨੂੰ ਵੱਡੀ ਸੁਰੱਖਿਆ ਕੁਤਾਹੀ ’ਤੇ ਕਾਰਨ ਦੱਸੋ ਨੋਟਿਸ
ਨਵੀਂ ਦਿੱਲੀ, 15 ਸਤੰਬਰ (ਪੰਜਾਬੀ ਦੁਨੀਆ ਬਿਊਰੋ):
ਏਅਰ ਇੰਡੀਆ ਦੀ ਯਾਤਰੀ ਸੰਭਾਲ ਪ੍ਰਣਾਲੀ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਨਵੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਤਿੰਨ ਇਟਾਲਵੀ ਨਾਗਰਿਕ ਬਿਨਾਂ ਲਾਜ਼ਮੀ ਇਮੀਗ੍ਰੇਸ਼ਨ ਕਲੀਅਰੈਂਸ ਦੇ ਮਿਊਨਿਖ ਲਈ ਰਵਾਨਾ ਹੋ ਗਏ। ਇਸ ਮਾਮਲੇ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਸੱਤ ਦਿਨਾਂ ਅੰਦਰ ਜਵਾਬ ਮੰਗਿਆ ਹੈ।
ਗ੍ਰਹਿ ਮੰਤਰਾਲੇ (MHA) ਨੇ ਮੰਗਲਵਾਰ ਸ਼ਾਮ ਇਸ ਗੰਭੀਰ ਮਾਮਲੇ ’ਤੇ ਤੁਰੰਤ ਮੀਟਿੰਗ ਬੁਲਾਈ, ਜਿਸ ਵਿੱਚ ਗ੍ਰਹਿ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਸਮੇਤ ਹੋਰ ਸਬੰਧਤ ਧਿਰਾਂ ਨੇ ਹਿੱਸਾ ਲਿਆ।
ਇਹ ਘਟਨਾ 4 ਸਤੰਬਰ ਨੂੰ ਸਵੇਰੇ ਵਾਪਰੀ। ਤਿੰਨੇ ਯਾਤਰੀ ਏਅਰ ਇੰਡੀਆ ਦੀ ਉਡਾਣ AI-1115 ਰਾਹੀਂ ਰਾਤ ਕਰੀਬ 12:50 ਵਜੇ ਅੰਮ੍ਰਿਤਸਰ ਤੋਂ ਦਿੱਲੀ ਪਹੁੰਚੇ। ਇਸ ਤੋਂ ਲਗਭਗ ਇੱਕ ਘੰਟੇ ਬਾਅਦ, ਸਵੇਰੇ 1:45 ਵਜੇ ਉਹ ਲੁਫ਼ਥਾਂਸਾ ਦੀ ਉਡਾਣ LH-763 ਰਾਹੀਂ ਮਿਊਨਿਖ ਲਈ ਰਵਾਨਾ ਹੋ ਗਏ।
ਮੰਤਰਾਲੇ ਅਨੁਸਾਰ ਯਾਤਰੀਆਂ ਨੂੰ ਅੰਮ੍ਰਿਤਸਰ ਤੋਂ ਹੀ ਅੱਗੇ ਦੀ ਲੁਫ਼ਥਾਂਸਾ ਉਡਾਣ ਦੇ ਬੋਰਡਿੰਗ ਪਾਸ ਜਾਰੀ ਕੀਤੇ ਗਏ ਸਨ। ਦਿੱਲੀ ਪਹੁੰਚਣ ’ਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਯਾਤਰੀ ਵਜੋਂ ਪਛਾਣ ਕੇ ਇਮੀਗ੍ਰੇਸ਼ਨ ਵੱਲ ਭੇਜਿਆ ਜਾਣਾ ਚਾਹੀਦਾ ਸੀ। ਇਸ ਦੀ ਬਜਾਏ ਉਹ ਗੇਟ 39 ਤੋਂ ਇੰਟਰਨੈਸ਼ਨਲ-ਟੂ-ਇੰਟਰਨੈਸ਼ਨਲ ਟ੍ਰਾਂਸਫਰ ਏਰੀਆ ਰਾਹੀਂ ਬਿਨਾਂ ਇਮੀਗ੍ਰੇਸ਼ਨ ਜਾਂਚ ਦੇ ਰਵਾਨਗੀ ਖੇਤਰ ਤੱਕ ਪਹੁੰਚ ਗਏ।