Breaking News
Smart Media Dashmesh Insurance Point

ਜੁਆਏ ਬੈਦਵਾਣ ਨੇ ਜੂਨੀਅਰ ਨੈਸ਼ਨਲ ਖੇਡਾਂ ’ਚ ਜਿੱਤਿਆ ਸੋਨ ਤਮਗਾ

ਬ੍ਰਾਜ਼ੀਲ ’ਚ ਅੰਤਰਰਾਸ਼ਟਰੀ ਸਕੂਲ ਖੇਡਾਂ ਵਿੱਚ ਕਰੇਗੀ ਭਾਰਤ ਦੀ ਨੁਮਾਇੰਦਗੀ; ਪਰਵਿੰਦਰ ਸਿੰਘ ਸੋਹਾਣਾ ਵੱਲੋਂ ਸਨਮਾਨਿਤ

ਮੋਹਾਲੀ, 27 ਅਕਤੂਬਰ, ਮਨਜੀਤ ਸਿੰਘ ਚਾਨਾ : 

ਪੰਜਾਬ ਦੀ ਹੋਣਹਾਰ ਅਥਲੀਟ ਜੁਆਏ ਬੈਦਵਾਣ ਨੇ ਮਦਰਾਸ ਵਿਖੇ ਹੋਈਆਂ ਜੂਨੀਅਰ ਨੈਸ਼ਨਲ ਖੇਡਾਂ ਦੇ ਅੰਡਰ-18 ਸ਼ਾਟਪੁੱਟ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਪੰਜਾਬ ਅਤੇ ਪੁਆਧ ਖੇਤਰ ਦਾ ਮਾਣ ਵਧਾਇਆ ਹੈ। ਇਸ ਪ੍ਰਾਪਤੀ ਨਾਲ ਜੁਆਏ ਨੇ 3 ਦਸੰਬਰ ਤੋਂ ਬ੍ਰਾਜ਼ੀਲ ਵਿੱਚ ਹੋਣ ਵਾਲੀਆਂ ਅੰਤਰਰਾਸ਼ਟਰੀ ਵਰਲਡ ਸਕੂਲ ਗੇਮਜ਼ ਲਈ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਜੁਆਏ ਦੀ ਇਸ ਪ੍ਰਾਪਤੀ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਮੋਹਾਲੀ ਇਕਾਈ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਉਸ ਨੂੰ ਸਨਮਾਨਿਤ ਕਰਦਿਆਂ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਐੱਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਭੁਪਿੰਦਰ ਕੌਰ ਗੋਸਲ, ਬੀਬੀ ਬਲਜਿੰਦਰ ਕੌਰ ਅਤੇ ਬੀਬੀ ਹਰਜਿੰਦਰ ਕੌਰ ਸਮੇਤ ਹੋਰ ਮਹਿਲਾਵਾਂ ਮੌਜੂਦ ਸਨ।

ਜੁਆਏ ਇਸ ਤੋਂ ਪਹਿਲਾਂ ਵੀ ਕਈ ਕੌਮੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੀ ਹੈ। ਉਸ ਨੇ 2023 ਵਿੱਚ ਅੰਡਰ-14 ਵਰਗ ਵਿੱਚ ਰਿਕਾਰਡ ਕਾਇਮ ਕਰਦਿਆਂ ਸੋਨ ਤਮਗਾ ਜਿੱਤਿਆ। ਇਸ ਤੋਂ ਬਾਅਦ 2024 ਵਿੱਚ ਅੰਡਰ-17 ਵਰਗ ਅਤੇ 2025 ਵਿੱਚ ਯੂਥ ਗੇਮਜ਼ ਦੌਰਾਨ ਵੀ ਸੋਨ ਤਮਗੇ ਆਪਣੇ ਨਾਂ ਕੀਤੇ।

ਉਹ ਗੋਆ ਵਿਖੇ ਐੱਸਜੀਐੱਫਆਈ ਦੀਆਂ ਅੰਤਰਰਾਸ਼ਟਰੀ ਸਕੂਲ ਖੇਡਾਂ ਵਿੱਚ ਅੰਡਰ-17 ਵਰਗ ਦਾ ਸੋਨ ਤਮਗਾ ਵੀ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਬਹਿਰੀਨ ਅਤੇ ਸਾਊਦੀ ਅਰਬ ਵਿੱਚ ਵੀ ਆਪਣੇ ਪ੍ਰਦਰਸ਼ਨ ਸਦਕਾ ਭਾਰਤ ਦਾ ਨਾਮ ਰੌਸ਼ਨ ਕਰ ਚੁੱਕੀ ਹੈ।

ਜੁਆਏ ਡੀਏਵੀ ਲਾਹੌਰ, ਸੈਕਟਰ-8 ਵਿੱਚ ਪੜ੍ਹਾਈ ਕਰ ਰਹੀ ਹੈ। ਉਸ ਦੇ ਪਿਤਾ ਪਰਮਦੀਪ ਸਿੰਘ ਬੈਦਵਾਣ ਸਮਾਜ ਸੇਵਾ ਦੇ ਨਾਲ-ਨਾਲ ਕਿਸਾਨ ਜਥੇਬੰਦੀ ਵਿੱਚ ਵੀ ਸਰਗਰਮ ਆਗੂ ਹਨ। ਜੁਆਏ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਿਤਾ ਅਤੇ ਕੋਚਾਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਲਗਾਤਾਰ ਸਹਿਯੋਗ ਅਤੇ ਮਾਰਗਦਰਸ਼ਨ ਨੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ। ਉਸ ਦੀ ਇਹ ਪ੍ਰਾਪਤੀ ਖੇਤਰ ਦੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣੀ ਹੈ।

Leave a Reply

Your email address will not be published. Required fields are marked *