Breaking News
Smart Media Dashmesh Insurance Point

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਚੰਡੀਗੜ੍ਹ, 27 ਅਕਤੂਬਰ, ਪੰਜਾਬੀ ਦੁਨੀਆ ਬਿਊਰੋ : 

ਸਿੱਖਾਂ ਦੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਚੰਡੀਗੜ੍ਹ ਸਮੇਤ ਦੇਸ਼-ਵਿਦੇਸ਼ ਵਿੱਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬਾਨ ਨੂੰ ਫੁੱਲਾਂ ਅਤੇ ਰੰਗ-ਬਿਰੰਗੀਆਂ ਲੜੀਆਂ ਨਾਲ ਸਜਾਇਆ ਗਿਆ ਅਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ।

ਸੈਕਟਰ 40 ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਵੀ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਆਪਣਾ ਜੀਵਨ ਸਫਲਾ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ, ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ 25 ਅਕਤੂਬਰ ਨੂੰ ਹੋਈ ਸੀ, ਜਿਸ ਦੇ ਭੋਗ ਅੱਜ ਸਵੇਰੇ ਪਾਏ ਗਏ।

ਇਸ ਉਪਰੰਤ ਭਾਈ ਚਰਨਜੀਤ ਸਿੰਘ ਮੋਤੀ ਸ੍ਰੀ ਆਨੰਦਪੁਰ ਸਾਹਿਬ ਵਾਲੇ, ਮੀਰੀ ਪੀਰੀ ਖਾਲਸਾ ਜਥਾ ਜਗਾਧਰੀ ਵਾਲੀਆਂ ਬੀਬੀਆਂ ਅਤੇ ਭਾਈ ਦਵਿੰਦਰ ਸਿੰਘ ਪਟਿਆਲੇ ਵਾਲਿਆਂ ਦੇ ਜਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸਤਰੀ ਸਤਿਸੰਗ ਜਥਾ ਸੈਕਟਰ 40 ਦੀਆਂ ਬੀਬੀਆਂ ਨੇ ਵੀ ਕੀਰਤਨ ਵਿੱਚ ਹਾਜ਼ਰੀ ਭਰੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਹਰਪ੍ਰੀਤ ਸਿੰਘ ਵਲੋਂ ਅਰਦਾਸ ਉਪਰੰਤ ਗੁਰੂ ਸਾਹਿਬ ਦੇ ਪਵਿੱਤਰ ਹੁਕਮਨਾਮੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸਮੂਹ ਸੰਗਤਾਂ ਨੂੰ ਪ੍ਰਸ਼ਾਦ ਵਰਤਾਇਆ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਸੰਗਤਾਂ ਨੇ ਗੁਰੂ ਘਰ ਵਿਚ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਪ੍ਰਬੰਧਕਾਂ ਨੇ ਦੱਸਿਆ ਕਿ ਮੀਤ ਗ੍ਰੰਥੀ ਭਾਈ ਰਜਿੰਦਰ ਸਿੰਘ ਜੀ ਰਾਤ ਦੇ ਦੀਵਾਨਾਂ ਵਿਚ ਰਹਿਰਾਸ ਸਾਹਿਬ ਦਾ ਪਾਠ ਕਰਨਗੇ। ਉਪਰੰਤ ਭਾਈ ਜਗਦੀਪ ਸਿੰਘ ਫਰੀਦਕੋਟ ਵਾਲੇ ਅਤੇ ਭਾਈ ਅਮਰਜੀਤ ਸਿੰਘ ਖ਼ਾਲਸਾ ਚੰਡੀਗੜ੍ਹ ਵਾਲਿਆਂ ਦੇ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

Leave a Reply

Your email address will not be published. Required fields are marked *