
ਰਾਗਮਈ ਕੀਰਤਨ ਦਰਬਾਰ ’ਚ ਪ੍ਰਸਿੱਧ ਰਾਗੀ ਜਥੇ ਭਰਨਗੇ ਹਾਜ਼ਰੀ
ਜੇਤੂਆਂ ਨੂੰ ਦਿੱਤੇ ਜਾਣਗੇ ਨਕਦ ਇਨਾਮ
ਮੋਹਾਲੀ, 29 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਗੁਰਮਤਿ ਸੰਗੀਤ ਦੀ ਪ੍ਰਾਚੀਨ ਪਰੰਪਰਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਗੁਰਮਤਿ ਸੰਗੀਤ ਵਿਭਾਗ, ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਅਤੇ ਗੁਰਮਤਿ ਸੰਗੀਤ ਸੁਸਾਇਟੀ, ਚੰਡੀਗੜ੍ਹ ਵੱਲੋਂ 14ਵਾਂ ਆਲ ਇੰਡੀਆ ਸ਼ਬਦ ਗਾਇਨ ਮੁਕਾਬਲਾ ਅਤੇ ਰਾਗਮਈ ਕੀਰਤਨ ਦਰਬਾਰ 2 ਤੇ 3 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ-34, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਮੋਹਾਲੀ ਪ੍ਰੈਸ ਕਲੱਬ ਵਿਖੇ ਕਰਵਾਈ ਪ੍ਰੈਸ ਕਾਨਫਰੰਸ ਦੌਰਾਨ ਪ੍ਰਾਚੀਨ ਕਲਾ ਕੇਂਦਰ ਦੇ ਗੁਰਮਤਿ ਸੰਗੀਤ ਵਿਭਾਗ ਦੇ ਐਚ.ਓ.ਡੀ. ਐਡਵੋਕੇਟ (ਪ੍ਰਧਾਨ) ਡਾ. ਮਲਕੀਤ ਸਿੰਘ ਜੰਡਿਆਲਾ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ 2 ਅਕਤੂਬਰ ਨੂੰ ਸਵੇਰੇ 9:00 ਵਜੇ ਹੋਵੇਗੀ, ਜਿਸ ਦੌਰਾਨ ਵਿਅਕਤੀਗਤ ਸ਼ਬਦ ਗਾਇਨ ਅਤੇ ਤਬਲਾ/ਜੋੜੀ ਮੁਕਾਬਲੇ ਹੋਣਗੇ, ਜਦਕਿ 3 ਅਕਤੂਬਰ 2026 ਨੂੰ ਸਮੂਹ ਸ਼ਬਦ ਗਾਇਨ ਅਤੇ ਤੰਤੀ ਸਾਜ਼ ਮੁਕਾਬਲੇ ਕਰਵਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਮੁਕਾਬਲੇ ਦਾ ਮਕਸਦ ਨੌਜਵਾਨਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਗੁਰਮਤਿ ਸੰਗੀਤ ਦੀ ਵਿਰਾਸਤ ਨਾਲ ਜੋੜਨਾ ਹੈ।ਇਸ ਦੌਰਾਨ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਹੀ ਮਰਿਆਦਾ ਅਤੇ ਪਰੰਪਰਾ ਨੂੰ ਜਾਣੂੰ ਕਰਵਾਉਣ ਲਈ 2 ਅਕਤੂਬਰ ਨੂੰ ਸ਼ਾਮੀ 7:00 ਵਜੇ ਤੋਂ ਭਾਈ ਸਤਨਿੰਦਰ ਸਿੰਘ ਜੀ ਬੋਦਲ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਂਤ, ਸ਼ਬਦ ਗਾਇਨ ਤੇ ਰਾਗਮਈ ਕੀਰਤਨ ਦਰਬਾਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਡਾ. ਮਲਕੀਤ ਸਿੰਘ ਜੰਡਿਆਲਾ ਦੱਸਿਆ ਕਿ ਇਹ ਮੁਕਾਬਲਾ ਜੂਨੀਅਰ (6 ਤੋਂ 14 ਸਾਲ) ਤੇ ਸੀਨੀਅਰ (15 ਤੋਂ 24 ਸਾਲ) ਗਰੁੱਪ ਸ਼ਬਦ ਗਾਇਨ ਵਰਗ ਲਈ ਹੋਵੇਗਾ। ਕੇਵਲ ਸੀਨੀਅਰ ਵਰਗ ਮੁਕਾਬਲੇ ਦੇ ਪਹਿਲੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀ ਨੂੰ 21 ਹਜ਼ਾਰ ਰੁਪਏ, ਦੂਜੇ ਨੂੰ 11 ਹਜ਼ਾਰ ਰੁਪਏ ਅਤੇ ਤੀਜੇ ਸਥਾਨ ਦੇ ਜੇਤੂ ਨੂੰ 5,100 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਸ਼ਾਮੀਂ 7.30 ਵਜੇ ਕੀਤੀ ਜਾਵੇਗੀ। ਡਾ. ਜੰਡਿਆਲਾ ਨੇ ਅੱਗੇ ਦੱਸਿਆ ਕਿ ਇਸ ਵਾਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦੇ ਪ੍ਰੋਫੈਸਰ, ਡਾ. ਜਤਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਉਤੇ “ਰਾਗ ਰਤਨ ਸ਼ਬਦ ਗਾਵਣ ਯੁਵਾ ਕੀਰਤਨੀਆ ਐਵਾਰਡ 2026“ ਨਾਲ ਸਨਮਾਨਤ ਕੀਤਾ ਜਾਵੇਗਾ।
ਪ੍ਰਤੀਯੋਗੀ ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ ਮੋਬਾਈਲ ਨੰਬਰ: 93161-14764 ’ਤੇ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਲੰਗਰ ਅਤੇ ਰਹਿਣ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਅਤੇ ਸਮੂਹ ਸੰਗਤ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।