
ਸਵਾਮੀ ਧਨਵੰਤਰੀ ਦਾਸ ਨੇ ਸੁਣਾਈ ਗੋਕਰਨ-ਧੁੰਧਕਾਰੀ ਦੀ ਕਥਾ; ਆਭਾ ਬੰਸਲ ਨੇ ਕੀਤੀ ਸ਼ਿਰਕਤ
ਮੋਹਾਲੀ, 28 ਸਤੰਬਰ, ਅਮਨਦੀਪ ਸਿੰਘ :
ਸ੍ਰੀ ਸਨਾਤਨ ਧਰਮ ਮੰਦਰ, ਫੇਜ਼-4 ਵਿੱਚ ਸ਼ਰਾਧ ਪੱਖ ਦੇ ਪਾਵਨ ਮੌਕੇ ’ਤੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਮੰਦਰ ਦਾ ਮਾਹੌਲ ਭਗਤੀਮਈ ਬਣਿਆ ਰਿਹਾ। ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਕਥਾ ਦਾ ਸਰਵਣ ਕੀਤਾ ਅਤੇ ਕਥਾ ਹਾਲ ਪੂਰੀ ਤਰ੍ਹਾਂ ਭਰਿਆ ਰਿਹਾ।
ਵ੍ਰਿੰਦਾਵਨ ਤੋਂ ਪਹੁੰਚੇ ਕਥਾਵਾਚਕ ਸਵਾਮੀ ਧਨਵੰਤਰੀ ਦਾਸ ਨੇ ਸ੍ਰੀਮਦ ਭਾਗਵਤ ਮਹਾਪੁਰਾਣ ਦੇ ਵੱਖ-ਵੱਖ ਪ੍ਰਸੰਗਾਂ ਰਾਹੀਂ ਸ਼ਰਧਾਲੂਆਂ ਨੂੰ ਧਰਮ, ਸਦਾਚਾਰ, ਸਤਿਸੰਗ ਅਤੇ ਪਰਮਾਤਮਾ ਦੀ ਭਗਤੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਗੋਕਰਨ ਅਤੇ ਧੁੰਧਕਾਰੀ ਦੀ ਕਥਾ ਦਾ ਭਾਵਪੂਰਣ ਵਰਣਨ ਕਰਦਿਆਂ ਕਿਹਾ ਕਿ ਚੰਗੇ ਸੰਸਕਾਰ, ਸਤਿਸੰਗ ਅਤੇ ਨੇਕ ਕਰਮ ਮਨੁੱਖ ਨੂੰ ਸਹੀ ਮਾਰਗ ’ਤੇ ਲੈ ਕੇ ਜਾਂਦੇ ਹਨ। ਉਨ੍ਹਾਂ ਭਗਵਾਨ ਦੀ ਸ਼ਰਨ ਵਿੱਚ ਜਾਣ ਅਤੇ ਭਗਤੀ ਦੇ ਮਹੱਤਵ ’ਤੇ ਵੀ ਚਾਨਣਾ ਪਾਇਆ।
ਕਥਾ ਦੌਰਾਨ ਭਜਨ-ਕੀਰਤਨ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਮੰਦਰ ਗੂੰਜਦਾ ਰਿਹਾ। ਕਥਾ ਉਪਰੰਤ ਵਿਧੀਵਤ ਮਹਾ ਆਰਤੀ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ। ਇਸ ਤੋਂ ਬਾਅਦ ਅਟੁੱਟ ਭੰਡਾਰਾ ਵੀ ਲਗਾਇਆ ਗਿਆ।
ਧਾਰਮਿਕ ਸਮਾਗਮ ਵਿੱਚ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਉਪ ਪ੍ਰਧਾਨ ਆਭਾ ਬੰਸਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਸ੍ਰੀਮਦ ਭਾਗਵਤ ਮਹਾਪੁਰਾਣ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀ ਵੱਲੋਂ ਉਨ੍ਹਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ।
ਸਮਾਗਮ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਮੰਦਰ ਕਮੇਟੀ ਦੇ ਪ੍ਰਧਾਨ ਦੇਸ਼ ਰਾਜ ਗੁਪਤਾ ਦੀ ਅਗਵਾਈ ਹੇਠ ਸੰਭਾਲੀ ਜਾ ਰਹੀ ਹੈ। ਸਹਿ-ਮੀਤ ਪ੍ਰਧਾਨ ਰਾਜ ਕੁਮਾਰ ਕਾਲੀਆ, ਮੀਤ ਪ੍ਰਧਾਨ ਸਤੀਸ਼ ਕੁਮਾਰ, ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ, ਕੈਸ਼ੀਅਰ ਰਾਕੇਸ਼ ਕੁਮਾਰ ਗੁਪਤਾ, ਅੰਸ਼ੁਲ ਬੰਸਲ ਅਤੇ ਸੰਜੀਵ ਸ਼ਰਮਾ ਉਰਫ਼ ਬੌਬੀ ਸਮੇਤ ਪ੍ਰਬੰਧਕ ਟੀਮ ਨੇ ਸੇਵਾਵਾਂ ਨਿਭਾਈਆਂ।
ਮਹਿਲਾ ਮੰਡਲ ਦੀ ਪ੍ਰਧਾਨ ਦਿਨੇਸ਼ ਚੰਦਨ ਦੀ ਅਗਵਾਈ ਹੇਠ ਇੰਦਰਾ ਰਾਣੀ, ਪੁਸ਼ਪਾ ਸ਼ਰਮਾ, ਰਾਜਕੁਮਾਰੀ, ਸ਼ਸ਼ੀ, ਨੀਲਮ ਅਤੇ ਅਰਚਨਾ ਸਮੇਤ ਮੈਂਬਰਾਂ ਨੇ ਵੀ ਸਰਗਰਮ ਭੂਮਿਕਾ ਨਿਭਾਈ।
ਮੰਦਰ ਕਮੇਟੀ ਅਨੁਸਾਰ ਕਥਾ 3 ਅਕਤੂਬਰ ਤੱਕ ਹਰ ਰੋਜ਼ ਦੁਪਹਿਰ 3:30 ਤੋਂ ਸ਼ਾਮ 7:30 ਵਜੇ ਤੱਕ ਹੋਵੇਗੀ। ਸਵੇਰੇ 8 ਤੋਂ 10 ਵਜੇ ਤੱਕ ਪੂਜਾ ਅਤੇ ਕਥਾ ਉਪਰੰਤ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ।