Breaking News
Smart Media Dashmesh Mohali Walk Smart Media Insurance Point Hardev Singh Ubha

ਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ’ਤੇ ਕਿਤਾਬਚਾ ਲੋਕ ਅਰਪਿਤ

ਪੰਥਕ, ਸਿਆਸੀ ਤੇ ਬੌਧਿਕ ਸ਼ਖ਼ਸੀਅਤਾਂ ਨੇ ਜੀਵਨ-ਸੰਘਰਸ਼ ਅਤੇ ਲੋਕ ਸੇਵਾਵਾਂ ਨੂੰ ਕੀਤਾ ਯਾਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਸਤੰਬਰ, ਪੰਜਾਬੀ ਦੁਨੀਆ ਬਿਊਰੋ: 

ਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ, ਸੰਘਰਸ਼, ਪੰਥਕ ਸੇਵਾਵਾਂ ਅਤੇ ਪੰਜਾਬ ਦੇ ਤਤਕਾਲੀ ਸਮਾਜਿਕ-ਸਿਆਸੀ ਦੌਰ ਵਿੱਚ ਉਨ੍ਹਾਂ ਵੱਲੋਂ ਨਿਭਾਈ ਭੂਮਿਕਾ ਨੂੰ ਸਮਰਪਿਤ ਯਾਦਗਾਰੀ ਸਮਾਗਮ ਅਤੇ ਗੋਸ਼ਟੀ ਅੱਜ ਵਿਨਡਮ ਹੋਟਲ-ਮੋਹਾਲੀ ਕਲੱਬ, ਫੇਜ਼-11 ਵਿਖੇ ਕਰਵਾਈ ਗਈ। ਇਸ ਮੌਕੇ ਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ’ਤੇ ਅਧਾਰਿਤ ਕਿਤਾਬਚਾ ਲੋਕ ਅਰਪਿਤ ਕੀਤਾ ਗਿਆ। ਸਮਾਗਮ ਵਿੱਚ ਪੰਥਕ, ਸਿਆਸੀ, ਸਮਾਜਿਕ ਅਤੇ ਬੌਧਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਉਨ੍ਹਾਂ ਦੇ ਜੀਵਨ, ਵਿਚਾਰਧਾਰਾ, ਸੰਘਰਸ਼ ਅਤੇ ਲੋਕ ਸੇਵਾਵਾਂ ਨੂੰ ਯਾਦ ਕੀਤਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ਼ੇਰ ਸਿੰਘ ਡੂਮਛੇੜੀ ਨੂੰ ਸਿਰੜ, ਨਿਡਰਤਾ ਅਤੇ ਦ੍ਰਿੜ੍ਹ ਇਰਾਦੇ ਵਾਲਾ ਨੌਜਵਾਨ ਆਗੂ ਦੱਸਿਆ। ਉਨ੍ਹਾਂ ਕਿਹਾ ਕਿ ਜੇਲ੍ਹ ਦੌਰਾਨ ਉਨ੍ਹਾਂ ਦੀ ਸ਼ੇਰ ਸਿੰਘ ਡੂਮਛੇੜੀ ਨਾਲ ਮੁਲਾਕਾਤ ਹੁੰਦੀ ਰਹੀ। ਉਹ ਜਿਸ ਮਕਸਦ ਲਈ ਖੜ੍ਹਦੇ ਸਨ, ਉਸ ਨੂੰ ਪੂਰੀ ਦ੍ਰਿੜ੍ਹਤਾ ਨਾਲ ਨਿਭਾਉਂਦੇ ਸਨ ਅਤੇ ਮੁਸ਼ਕਲ ਹਾਲਾਤਾਂ ਵਿੱਚ ਵੀ ਪਿੱਛੇ ਨਹੀਂ ਹਟਦੇ ਸਨ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਔਖੇ ਅਤੇ ਗੁੰਝਲਦਾਰ ਦੌਰ ਵਿੱਚ ਡੂਮਛੇੜੀ ਦੇ ਵੱਖ-ਵੱਖ ਸੰਘਰਸ਼ਸ਼ੀਲ, ਪੰਥਕ ਅਤੇ ਸਿਆਸੀ ਧਿਰਾਂ ਨਾਲ ਸੰਪਰਕ ਸਨ। ਇਸ ਕਾਰਨ ਉਹ ਵੱਖ-ਵੱਖ ਧਿਰਾਂ ਵਿਚਕਾਰ ਸੰਵਾਦ ਅਤੇ ਤਾਲਮੇਲ ਦੀ ਅਹਿਮ ਕੜੀ ਵਜੋਂ ਕੰਮ ਕਰਦੇ ਰਹੇ। ਉਨ੍ਹਾਂ ਕਿਹਾ ਕਿ ਅੱਜ ਵੀ ਕੌਮ ਅਤੇ ਪੰਜਾਬ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸਾਂਝੇ ਮਸਲਿਆਂ ਲਈ ਕੰਮ ਕਰਨ ਵਾਲੇ ਅਜਿਹੇ ਸਿਧਾਂਤਕ ਆਗੂਆਂ ਦੀ ਲੋੜ ਹੈ।

‘ਕਿਤਾਬਚਾ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਏਗਾ’

ਭਾਈ ਰਣਜੀਤ ਸਿੰਘ ਨੇ ਸ਼ਹੀਦ ਦੇ ਪੁੱਤਰਾਂ ਗੁਰਵਿੰਦਰ ਸਿੰਘ ਡੂਮਛੇੜੀ ਅਤੇ ਪਰਵਿੰਦਰ ਸਿੰਘ ਡੂਮਛੇੜੀ ਸਮੇਤ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਸ਼ਖ਼ਸੀਅਤ ਦੇ ਜੀਵਨ ਅਤੇ ਇਤਿਹਾਸ ਨੂੰ ਲਿਖਤੀ ਰੂਪ ਵਿੱਚ ਸੰਭਾਲਣਾ ਸਮੇਂ ਦੀ ਲੋੜ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਕਿਤਾਬਚਾ ਸ਼ੇਰ ਸਿੰਘ ਡੂਮਛੇੜੀ ਦੇ ਸੰਘਰਸ਼ ਅਤੇ ਪੰਥਕ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਸਹਾਈ ਹੋਵੇਗਾ।

ਸਾਬਕਾ ਕੈਬਨਿਟ ਮੰਤਰੀ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਡੂਮਛੇੜੀ ਨੇ ਥੋੜ੍ਹੇ ਸਮੇਂ ਵਿੱਚ ਹੀ ਨਿਸ਼ਕਾਮ ਸੇਵਾ ਅਤੇ ਲੋਕਾਂ ਨਾਲ ਨੇੜਲੇ ਸਬੰਧਾਂ ਰਾਹੀਂ ਵੱਡਾ ਭਰੋਸਾ ਕਾਇਮ ਕੀਤਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਹ ਭਰੋਸਾ ਕਿਸੇ ਅਹੁਦੇ ਕਰਕੇ ਨਹੀਂ, ਸਗੋਂ ਔਖੇ ਸਮੇਂ ਵਿੱਚ ਉਨ੍ਹਾਂ ਨਾਲ ਖੜ੍ਹਨ ਕਾਰਨ ਬਣਿਆ ਸੀ।

ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼ੇਰ ਸਿੰਘ ਡੂਮਛੇੜੀ ਨਾਲ ਜੁੜੀਆਂ ਆਪਣੀਆਂ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਹ ਡੂਮਛੇੜੀ ਦੇ ਪੁੱਤਰ ਗੁਰਵਿੰਦਰ ਸਿੰਘ ਨਾਲ ਇਕੱਠੇ ਪੜ੍ਹਦੇ ਰਹੇ ਹਨ। ਉਨ੍ਹਾਂ ਕਿਹਾ ਕਿ ਡੂਮਛੇੜੀ ਵੱਖ-ਵੱਖ ਪੰਥਕ ਧਿਰਾਂ ਦਰਮਿਆਨ ਤਾਲਮੇਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਸਨ।

ਪ੍ਰੋ. ਨਿਰਮਲ ਸਿੰਘ ਬੇਲਾ ਨੇ ਸਿੱਖ ਕੌਮ ਅੰਦਰ ਏਕਤਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਨਾਲ ਏਕਤਾ ਦਾ ਰਾਹ ਆਪਣੇ ਆਪ ਮਜ਼ਬੂਤ ਹੁੰਦਾ ਹੈ। ਉਨ੍ਹਾਂ ਡੂਮਛੇੜੀ ਦੀ ਸਿਧਾਂਤਾਂ ਪ੍ਰਤੀ ਦ੍ਰਿੜ੍ਹਤਾ ਨੂੰ ਉਨ੍ਹਾਂ ਦੀ ਵੱਡੀ ਖ਼ੂਬੀ ਦੱਸਿਆ।

ਪ੍ਰੋ. ਸੁਖਦਿਆਲ ਸਿੰਘ ਨੇ ਕਿਹਾ ਕਿ ਇਤਿਹਾਸ ਸਿਰਫ਼ ਮਾਣ ਕਰਨ ਲਈ ਨਹੀਂ, ਸਗੋਂ ਪਿਛਲੀਆਂ ਪ੍ਰਾਪਤੀਆਂ ਅਤੇ ਗਲਤੀਆਂ ਤੋਂ ਸਿੱਖਣ ਲਈ ਵੀ ਹੁੰਦਾ ਹੈ। ਉਨ੍ਹਾਂ ਮੁੱਦਿਆਂ ’ਤੇ ਆਧਾਰਿਤ ਸਿਆਸਤ ਨੂੰ ਤਰਜੀਹ ਦੇਣ ਦੀ ਲੋੜ ਦੱਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੁਲਿਸ ਦੀਆਂ ਵਧੀਕੀਆਂ ਤੋਂ ਬਚਾਉਣ ਵਿੱਚ ਡੂਮਛੇੜੀ ਦਾ ਵੱਡਾ ਯੋਗਦਾਨ ਸੀ।

‘ਨੌਜਵਾਨਾਂ ਨੂੰ ਜਥੇਬੰਦ ਕਰਨ ਦੀ ਸਮਰੱਥਾ ਰੱਖਦੇ ਸਨ’

ਜਥੇਦਾਰ ਹਰਬੰਸ ਸਿੰਘ ਮੰਝਪੁਰ ਨੇ ਡੂਮਛੇੜੀ ਵੱਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਅਤੇ ਨੌਜਵਾਨਾਂ ਨਾਲ ਹੁੰਦੇ ਧੱਕੇ ਖ਼ਿਲਾਫ਼ ਆਵਾਜ਼ ਉਠਾਉਣ ਸਬੰਧੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਡੂਮਛੇੜੀ ਲਈ ਜਨਤਕ ਜੀਵਨ ਸਿਰਫ਼ ਸਿਆਸਤ ਤੱਕ ਸੀਮਤ ਨਹੀਂ ਸੀ।

ਉਨ੍ਹਾਂ ਦੇ ਸਾਥੀ ਅਤੇ ਆਲ ਇੰਡੀਆ ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਡੂਮਛੇੜੀ ਨੇ ਨੌਜਵਾਨਾਂ ਨੂੰ ਜਥੇਬੰਦ ਕਰਕੇ ਉਨ੍ਹਾਂ ਨੂੰ ਪੰਜਾਬ ਅਤੇ ਪੰਥ ਦੇ ਸਰੋਕਾਰਾਂ ਨਾਲ ਜੋੜਨ ਲਈ ਵੱਡੇ ਯਤਨ ਕੀਤੇ।

ਵੱਖ-ਵੱਖ ਧਿਰਾਂ ਨਾਲ ਸੰਵਾਦ ਬਣਾਉਣ ’ਤੇ ਜ਼ੋਰ

ਬੁਲਾਰਿਆਂ ਨੇ ਕਿਤਾਬਚੇ ਵਿੱਚ ਦਰਜ ਵੇਰਵਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼ੇਰ ਸਿੰਘ ਡੂਮਛੇੜੀ ਦੇ ਸੰਪਰਕ ਕਿਸੇ ਇੱਕ ਪੰਥਕ ਜਾਂ ਸਿਆਸੀ ਧਿਰ ਤੱਕ ਸੀਮਤ ਨਹੀਂ ਸਨ। ਉਨ੍ਹਾਂ ਦਾ ਵੱਖ-ਵੱਖ ਸੰਘਰਸ਼ਸ਼ੀਲ, ਨੌਜਵਾਨ, ਅਕਾਲੀ ਅਤੇ ਕੌਮੀ ਪੱਧਰ ਦੀਆਂ ਸਿਆਸੀ ਧਿਰਾਂ ਨਾਲ ਸੰਵਾਦ ਸੀ। ਬੁਲਾਰਿਆਂ ਮੁਤਾਬਕ ਉਨ੍ਹਾਂ ਦਾ ਮੰਤਵ ਪੰਜਾਬ ਅਤੇ ਸਿੱਖ ਮਸਲਿਆਂ ਦੇ ਹੱਲ ਲਈ ਸੰਵਾਦ, ਸਿਆਸੀ ਸਹਿਮਤੀ ਅਤੇ ਵੱਖ-ਵੱਖ ਧਿਰਾਂ ਵਿਚਕਾਰ ਸਾਂਝਾ ਆਧਾਰ ਤਿਆਰ ਕਰਨਾ ਸੀ।

ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕੀ ਅਤੇ ਡੂਮਛੇੜੀ ਇੱਕ ਹਮਲੇ ਵਿੱਚ ਸ਼ਹੀਦ ਹੋ ਗਏ। ਬੁਲਾਰਿਆਂ ਨੇ ਕਿਹਾ ਕਿ ਜਿਨ੍ਹਾਂ ਮਸਲਿਆਂ ਦੇ ਹੱਲ ਲਈ ਉਹ ਯਤਨਸ਼ੀਲ ਸਨ, ਉਨ੍ਹਾਂ ਵਿੱਚੋਂ ਕਈ ਅੱਜ ਵੀ ਅਣਸੁਲਝੇ ਹਨ।

ਸਮਾਗਮ ਦੇ ਅੰਤ ਵਿੱਚ ਗੁਰਵਿੰਦਰ ਸਿੰਘ ਡੂਮਛੇੜੀ ਨੇ ਸਮੂਹ ਮਹਿਮਾਨਾਂ, ਵਿਦਵਾਨਾਂ, ਪੱਤਰਕਾਰਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ਨਾਲ ਸਬੰਧਤ ਇਤਿਹਾਸ ਨੂੰ ਸੰਭਾਲਣ ਦਾ ਇਹ ਉਪਰਾਲਾ ਜਾਰੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ ਭਵਿੱਖ ਵਿੱਚ ਹੋਰ ਦਸਤਾਵੇਜ਼ਾਂ, ਇਤਿਹਾਸਕ ਤੱਥਾਂ ਅਤੇ ਸਮਕਾਲੀ ਸ਼ਖ਼ਸੀਅਤਾਂ ਦੀਆਂ ਯਾਦਾਂ ਨੂੰ ਇਕੱਤਰ ਕਰਕੇ ਕਿਤਾਬ ਦਾ ਹੋਰ ਵਿਸਥਾਰਤ ਰੂਪ ਵੀ ਪਾਠਕਾਂ ਸਾਹਮਣੇ ਲਿਆਂਦਾ ਜਾਵੇਗਾ।

ਇਸ ਮੌਕੇ ਕਰਨੈਲ ਸਿੰਘ ਪੰਜੋਲੀ, ਪਰਮਜੀਤ ਸਿੰਘ ਸਹੌਲੀ, ਸੁਖਦੇਵ ਸਿੰਘ ਗੋਬਿੰਦਗੜ੍ਹ, ਰਣਧੀਰ ਸਿੰਘ ਰੱਖੜਾ, ਭੁਪਿੰਦਰ ਸਿੰਘ ਸ਼ੇਖੂਪੁਰ, ਅੰਮ੍ਰਿਤ ਸਿੰਘ ਰਤਨਗੜ੍ਹ, ਪਰਮਿੰਦਰ ਸਿੰਘ ਡੂਮਛੇੜੀ, ਬਲਦੇਵ ਸਿੰਘ ਕੰਗ, ਹਰਿੰਦਰਪਾਲ ਸਿੰਘ ਟੌਹੜਾ ਅਤੇ ਕਰਨ ਸਿੰਘ ਡੀ.ਟੀ.ਓ. ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਸੀਨੀਅਰ ਪੱਤਰਕਾਰ ਗੁਰਦਰਸ਼ਨ ਸਿੰਘ ਬਾਹੀਆ ਨੇ ਮੰਚ ਸੰਚਾਲਨ ਕੀਤਾ, ਜਦਕਿ ਸੀਨੀਅਰ ਪੱਤਰਕਾਰ ਅਤੇ ਲੇਖਕ ਜਸਪਾਲ ਸਿੰਘ ਤੇ ਜਗਤਾਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

Leave a Reply

Your email address will not be published. Required fields are marked *