
ਚੰਡੀਗੜ੍ਹ, 11 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਚੰਡੀਗੜ੍ਹ ਨਗਰ ਨਿਗਮ ਵੱਲੋਂ ਦਸੰਬਰ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਸ਼ੁੱਕਰਵਾਰ 11 ਸਤੰਬਰ ਨੂੰ ਵਾਰਡਾਂ ਦੇ ਰਾਖਵੇਂਕਰਨ ਦਾ ਡਰਾਅ ਕੱਢਿਆ ਗਿਆ। ਡਰਾਅ ਤੋਂ ਬਾਅਦ ਕਈ ਮੌਜੂਦਾ ਕੌਂਸਲਰਾਂ ਦੀਆਂ ਚੋਣਾਵੀਂ ਗਣਿਤ ਬਦਲ ਗਏ ਹਨ ਅਤੇ ਉਨ੍ਹਾਂ ਨੂੰ ਹੁਣ ਨਵੇਂ ਜਾਂ ਬਦਲਵੇਂ ਵਾਰਡਾਂ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਤਲਾਸ਼ਣੀਆਂ ਪੈ ਸਕਦੀਆਂ ਹਨ।
ਅਨੁਸੂਚਿਤ ਜਾਤੀ (SC) ਲਈ ਕੁੱਲ 7 ਵਾਰਡ ਰਾਖਵੇਂ ਕੀਤੇ ਗਏ ਹਨ। ਇਨ੍ਹਾਂ ਵਿੱਚ ਵਾਰਡ ਨੰਬਰ 1, 3, 4, 9, 15, 29 ਅਤੇ 32 ਸ਼ਾਮਲ ਹਨ। SC ਮਹਿਲਾ ਉਮੀਦਵਾਰਾਂ ਲਈ ਵਾਰਡ 3, 29 ਅਤੇ 32 ਰਾਖਵੇਂ ਰਹਿਣਗੇ, ਜਦਕਿ ਵਾਰਡ 1, 4, 9 ਅਤੇ 15 – SC ਓਪਨ ਸ਼੍ਰੇਣੀ ਵਿੱਚ ਰੱਖੇ ਗਏ ਹਨ, ਜਿੱਥੇ ਪੁਰਸ਼ ਅਤੇ ਮਹਿਲਾ ਦੋਵੇਂ ਉਮੀਦਵਾਰ ਚੋਣ ਲੜ ਸਕਣਗੇ।
ਇਸੇ ਤਰ੍ਹਾਂ ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਲਈ 9 ਵਾਰਡ ਰਾਖਵੇਂ ਕੀਤੇ ਗਏ ਹਨ। ਇਨ੍ਹਾਂ ਵਿੱਚ ਵਾਰਡ 2, 8, 11, 13, 17, 21, 25, 26 ਅਤੇ 30 ਸ਼ਾਮਲ ਹਨ।
ਰਾਖਵੇਂਕਰਨ ਦੀ ਰੋਟੇਸ਼ਨ ਨਾਲ ਕਈ ਮੌਜੂਦਾ ਕੌਂਸਲਰਾਂ ਦੀਆਂ ਚੋਣੀ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਭਾਜਪਾ, ਕਾਂਗਰਸ ਅਤੇ ‘ਆਪ’ ਦੇ ਆਗੂਆਂ ਵਿੱਚ ਨਵੇਂ ਵਾਰਡਾਂ ਦੀ ਭਾਲ ਲਈ ਸਰਗਰਮੀ ਤੇਜ਼ ਹੋ ਗਈ ਹੈ। ਖਾਸ ਤੌਰ ’ਤੇ ਭਾਜਪਾ ਕੌਂਸਲਰ ਦਿਲੀਪ ਸ਼ਰਮਾ ਲਈ ਵਾਰਡ 3 ਦਾ ਐੱਸ.ਸੀ. ਮਹਿਲਾ ਲਈ ਰਾਖਵਾਂ ਹੋਣਾ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹੁਣ ਉਨ੍ਹਾਂ ਨੂੰ ਆਪਣੀ ਅਗਲੀ ਚੋਣੀ ਰਣਨੀਤੀ ਵਿੱਚ ਤਬਦੀਲੀ ਕਰਨੀ ਪਵੇਗੀ।