Breaking News
Smart Media Dashmesh Mohali Walk Smart Media Insurance Point Hardev Singh Ubha

ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਲਾਇਬ੍ਰੇਰੀਅਨ ਦਿਵਸ ਮਨਾਇਆ

ਡਾ. ਐਸ. ਆਰ. ਰੰਗਨਾਥਨ ਦੀਆਂ ਲਾਇਬ੍ਰੇਰੀ ਵਿਗਿਆਨ ਵਿੱਚ ਸੇਵਾਵਾਂ ਨੂੰ ਕੀਤਾ ਯਾਦ

ਮੋਹਾਲੀ, 13 ਅਗਸਤ, ਪੰਜਾਬੀ ਦੁਨੀਆ ਬਿਊਰੋ :

ਰਿਆਤ ਬਾਹਰਾ ਯੂਨੀਵਰਸਿਟੀ ਦੀ ਕੇਂਦਰੀ ਲਾਇਬ੍ਰੇਰੀ ਵੱਲੋਂ ਭਾਰਤ ਵਿੱਚ ਲਾਇਬ੍ਰੇਰੀ ਵਿਗਿਆਨ ਦੇ ਪਿਤਾਮਾ ਡਾ. ਐਸ. ਆਰ. ਰੰਗਨਾਥਨ ਦੇ ਜਨਮ ਦਿਵਸ ਨੂੰ ਸਮਰਪਿਤ ਲਾਇਬ੍ਰੇਰੀਅਨ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਰੰਗਨਾਥਨ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਦੇ ਖੇਤਰ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਨੂੰ ਯਾਦ ਕੀਤਾ ਗਿਆ।

ਸਮਾਗਮ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ, ਪ੍ਰੋ-ਵਾਈਸ ਚਾਂਸਲਰ ਪ੍ਰੋ. (ਡਾ.) ਸਤੀਸ਼ ਕੁਮਾਰ, ਰਜਿਸਟਰਾਰ ਡਾ. ਨਵਨੀਤ ਯਾਦਵ, ਡੀਨ, ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਸ਼ਾਮਲ ਹੋਏ। ਇਸ ਮੌਕੇ ਡਾ. ਐਸ. ਆਰ. ਰੰਗਨਾਥਨ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ।

ਇਸ ਉਪਰੰਤ ਯੂਨੀਵਰਸਿਟੀ ਦੀ ਲਾਇਬ੍ਰੇਰੀਅਨ ਸਾਕਸ਼ੀ ਬਹਿਲ ਨੇ ਸੰਬੋਧਨ ਕਰਦਿਆਂ ਡਾ. ਰੰਗਨਾਥਨ ਦੀਆਂ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਦੇ ਖੇਤਰ ਵਿੱਚ ਮੋਹਰੀ ਸੇਵਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਡਾ. ਰੰਗਨਾਥਨ ਵੱਲੋਂ ਦਿੱਤੇ ਲਾਇਬ੍ਰੇਰੀ ਵਿਗਿਆਨ ਦੇ ਪ੍ਰਸਿੱਧ ਪੰਜ ਸਿਧਾਂਤਾਂ, ਕੋਲਨ ਵਰਗੀਕਰਨ ਪ੍ਰਣਾਲੀ ਅਤੇ ਲਾਇਬ੍ਰੇਰੀਆਂ ਨੂੰ ਸਿੱਖਿਆ, ਗਿਆਨ ਅਤੇ ਸਿੱਖਣ ਦੇ ਸਰਗਰਮ ਕੇਂਦਰਾਂ ਵਜੋਂ ਵਿਕਸਤ ਕਰਨ ਸਬੰਧੀ ਉਨ੍ਹਾਂ ਦੀ ਦੂਰਦਰਸ਼ੀ ਸੋਚ ਬਾਰੇ ਜਾਣਕਾਰੀ ਦਿੱਤੀ। ਲਾਇਬ੍ਰੇਰੀ ਵਿਗਿਆਨ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਡਾ. ਰੰਗਨਾਥਨ ਨੂੰ ਸਾਲ 1957 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀਆਂ ਮਨਪਸੰਦ ਕਿਤਾਬਾਂ ਦੀਆਂ ਸਮੀਖਿਆਵਾਂ ਸਾਂਝੀਆਂ ਕੀਤੀਆਂ ਅਤੇ ਹੋਰਨਾਂ ਨੂੰ ਵੀ ਪੜ੍ਹਨ ਦੀ ਆਦਤ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਪਤਵੰਤਿਆਂ ਨੇ ਵਿਦਿਆਰਥੀਆਂ ਅਤੇ ਅਕਾਦਮਿਕ ਭਾਈਚਾਰੇ ਨੂੰ ਪ੍ਰਭਾਵਸ਼ਾਲੀ ਲਾਇਬ੍ਰੇਰੀ ਸੇਵਾਵਾਂ ਪ੍ਰਦਾਨ ਕਰਨ ਅਤੇ ਇੱਕ ਜੀਵੰਤ ਅਕਾਦਮਿਕ ਵਾਤਾਵਰਣ ਕਾਇਮ ਰੱਖਣ ਲਈ ਕੇਂਦਰੀ ਲਾਇਬ੍ਰੇਰੀ ਦੀ ਟੀਮ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *