
ਅਹਿਮਦਾਬਾਦ, 12 ਜੂਨ, ਪੰਜਾਬੀ ਦੁਨੀਆ ਬਿਊਰੋ :
ਅਹਿਮਦਾਬਾਦ ਵਿੱਚ ਅੱਜ ਏਅਰ ਇੰਡੀਆ ਦਾ ਇੱਕ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮੌਤ ਹੋਣ ਦੀ ਖਬਰ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਨੇ ਟਵਿੱਟਰ ‘ਤੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਉਨ੍ਹਾਂ ਨੇ ਕੁਝ ਸਮੇਂ ਬਾਅਦ ਆਪਣੀ ਪੋਸਟ ਡਿਲੀਟ ਕਰ ਦਿੱਤੀ। ਭਰੋਸੇਯੋਗ ਸੂਤਰਾਂ ਅਨੁਸਾਰ, ਸਾਬਕਾ ਮੁੱਖ ਮੰਤਰੀ ਇਸ ਹਾਦਸੇ ਵਿੱਚ ਬਚ ਨਹੀਂ ਸਕੇ।
ਲੰਡਨ ਜਾਣ ਵਾਲੀ ਇਸ ਉਡਾਣ ਦੀ ਅਗਵਾਈ ਸੁਮਿਤ ਸੱਭਰਵਾਲ ਨੇ ਕੀਤੀ ਸੀ, ਜਿਸ ਵਿੱਚ ਕਲਾਈਵ ਕੁੰਦਰ ਸਹਿ-ਪਾਇਲਟ ਸਨ। ਜਿਵੇਂ ਕਿ ਬਚਾਅ ਕਾਰਜ ਜਾਰੀ ਹਨ ਅਤੇ ਮੌਤਾਂ ਦੀ ਗਿਣਤੀ ਵਧ ਰਹੀ ਹੈ, ਯਾਤਰੀਆਂ ਦੀ ਸੂਚੀ ਵਿੱਚ ਰੂਪਾਨੀ ਦੇ ਨਾਮ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਹੋ ਗਈ ਹੈ।
ਦੱਸਣਯੋਗ ਹੈ ਕਿ ਏਅਰ ਇੰਡੀਆ ਦੇ ਇਸ ਜਹਾਜ਼ ਵਿੱਚ 242 ਯਾਤਰੀ ਸਵਾਰ ਸਨ, ਜਿਹਨਾਂ ਵਿੱਚ 169 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਸ਼ਾਮਲ ਸਨ। ਹੁਣ ਤੱਕ ਹਾਦਸੇ ਵਾਲੀ ਥਾਂ ਤੋਂ 100 ਤੋਂ ਵੱਧ ਲਾਸ਼ਾਂ ਮਿਲੀਆਂ ਹਨ। ਜ਼ਿਆਦਾਤਰ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਝੁਲਸ ਚੁੱਕੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਬੇਹੱਦ ਮੁਸ਼ਕਿਲ ਹੈ। ਉਨ੍ਹਾਂ ਦੀ ਪਛਾਣ ਡੀਐਨਏ ਟੈਸਟ ਤੋਂ ਬਾਅਦ ਹੀ ਸੰਭਵ ਹੋਵੇਗੀ। ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋਣ ਦਾ ਖਦਸ਼ਾ ਹੈ।

ਜਿਸ ਇਮਾਰਤ ਨਾਲ ਜਹਾਜ਼ ਟਕਰਾਇਆ ਹੈ, ਉਹ ਅਹਿਮਦਾਬਾਦ ਸਿਵਲ ਹਸਪਤਾਲ ਦਾ ਹੋਸਟਲ ਦੱਸਿਆ ਜਾ ਰਿਹਾ ਹੈ। ਹਾਦਸੇ ਸਮੇਂ ਹੋਸਟਲ ਵਿੱਚ ਮੌਜੂਦ 15 ਡਾਕਟਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਅਹਿਮਦਾਬਾਦ ਵਿੱਚ ਜਹਾਜ਼ ਹਾਦਸੇ ਤੋਂ ਬਾਅਦ ਹਵਾਈ ਅੱਡੇ ਦੇ ਕੰਮਕਾਜ ਨੂੰ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਹੁਣ ਉਡਾਣਾਂ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈਆਂ ਹਨ।
ਰਾਜ ਸਰਕਾਰ ਨੇ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਵਿਖੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਸਬੰਧਤ ਵਿਅਕਤੀ ਕੰਟਰੋਲ ਰੂਮ ਨਾਲ ਫੋਨ ਨੰਬਰ 079-232-51900 ਅਤੇ ਮੋਬਾਈਲ ਨੰਬਰ 9978405304 ‘ਤੇ ਸੰਪਰਕ ਕਰ ਸਕਦੇ ਹਨ।