Breaking News
Dashmesh GS Electricals Verka Smart Media Insurance Point Tav Prasad

ਰੰਗ ਰੋਗਨ ਕਰਕੇ ਨੁਸ਼ਿਹਰਾ ਪੱਤਣ ਦੇ ਸ਼ਮਸ਼ਾਨਘਾਟ ਦਾ ਦੂਜੀ ਵਾਰ ਉਦਘਾਟਨ ਕਰਨਗੇ ‘ਆਪ’ ਦੇ ਹਲਕਾ ਇੰਚਾਰਜ!

ਪਹਿਲਾਂ 2016 ‘ਚ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਾਬੀ ਨੇ ਕੀਤਾ ਸੀ ਉਦਘਾਟਨ

ਮੁਕੇਰੀਆਂ, 19 ਮਾਰਚ, ਪੰਜਾਬੀ ਦੁਨੀਆ ਬਿਊਰੋ:

ਪਿਛਲੀਆਂ ਸਰਕਾਰਾਂ ਦੌਰਾਨ ਇਮਾਰਤਾਂ ਦੇ ਉਦਘਾਟਨਾਂ ਦੇ ਨਾਮ ‘ਤੇ ਵਿਰੋਧੀ ਪਾਰਟੀਆਂ ‘ਤੇ ਸਵਾਲ ਚੁੱਕਣ ਵਾਲੇ ‘ਆਪ’ ਆਗੂ ਵਲੋਂ ਨੁਸ਼ਿਹਰਾ ਪੱਤਣ ਦੇ 2016 ਵਿੱਚ ਬਣ ਚੁੱਕੇ ਸਮਸ਼ਾਨਘਾਟ ਦਾ ਉਦਘਾਟਨ ਰੰਗ-ਰੋਗਨ ਕਰਨ ਉਪਰੰਤ ਦੂਜੀ ਵਾਰ 21 ਮਾਰਚ ਨੂੰ ਕੀਤਾ ਜਾਵੇਗਾ। ਇਸ ਸਮਸ਼ਾਨਘਾਟ ਦੀ ਮੁਕੰਮਲ ਉਸਾਰੀ 2016 ਵਿੱਚ ਪੂਰੀ ਹੋ ਗਈ ਸੀ ਅਤੇ ਉਸ ਵੇਲੇ ਇਸ ਸਮਸ਼ਾਨਘਾਟ ਦਾ ਉਦਘਾਟਨ ਜਿਲ੍ਹਾ ਪ੍ਰੀਸ਼ਦ ਦੇ ਤੱਤਕਾਲੀ ਚੇਅਰਮੈਨ ਸਰਬਜੋਤ ਸਿੰਘ ਸਾਬੀ ਵਲੋਂ ਕੀਤਾ ਗਿਆ ਸੀ, ਜਿਸ ਦਾ ਉਦਘਾਟਨੀ ਬੋਰਡ ਹਾਲੇ ਤੱਕ ਸਮਸ਼ਾਨਘਾਟ ਦੇ ਬਾਹਰ ਲੱਗਿਆ ਹੋਇਆ ਹੈ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਨੁਸ਼ਿਹਰਾ ਪੱਤਣ ਦੀ ਤੱਤਕਾਲੀ ਸਰਪੰਚ ਰਾਜਵੰਤ ਕੌਰ ਵਲੋਂ ਪਿੰਡ ਦੇ ਸ਼ਮਸ਼ਾਨਘਾਟ ਦੀ ਉਸਾਰੀ ਕਰੀਬ 10 ਲੱਖ ਤੋਂ ਵੱਧ ਦੀ ਰਾਸ਼ੀ ਨਾਲ ਕੀਤੀ ਗਈ ਸੀ। ਉਸ ਮੌਕੇ ਮੁਕੰਮਲ ਇਮਾਰਤ ਉਸਾਰਨ ਉਪਰੰਤ ਬੈਠਣ ਲਈ ਸ਼ੈਡ, ਟਾਈਲਾਂ ਤੇ ਨਾਲ ਲੱਗਦੇ ਰਸਤੇ ਸਮੇਤ ਹੋਰ ਵੀ ਕੰਮ ਕਰਵਾਇਆ ਗਿਆ ਸੀ। ਇਸ ਇਮਾਰਤ ਦੀ ਉਸਾਰੀ ਉਪਰੰਤ ਇਸ ਦਾ ਉਦਘਾਟਨ ਉਸ ਮੌਕੇ ਦੇ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਸਰਬਜੋਤ ਸਿੰਘ ਸਾਬੀ ਵਲੋਂ ਕੀਤਾ ਗਿਆ ਸੀ। ਇਸਦਾ ਪੱਥਰ ਹਾਲੇ ਵੀ ਸਮਸ਼ਾਨਘਾਨ ਦੇ ਬਾਹਰ ਗਵਾਹ ਵਜੋਂ ਮੌਜੂਦ ਹੈ। ਪਰ ਹੁਣ ਨਵੇਂ ਬਣੇ ਸਰਪੰਚ ਜਸਵਿੰਦਰ ਸਿੰਘ ਵਲੋਂ ਵਾਹ-ਵਾਹ ਖੱਟਣ ਲਈ ਇਮਾਰਤ ਨੂੰ ਰੰਗ-ਰੋਗਨ ਕਰਨ ਉਪਰੰਤ ਕੁਝ ਮਾਮੂਲੀ ਕੰਮ ਕਰਵਾ ਕੇ ਅਤੇ ਦਾਨ ਕੀਤੇ ਫੁੱਲ ਬੂਟੇ ਲਗਾ ਕੇ ਉਦਘਾਟਨ ਇੱਕ ‘ਆਪ’ ਆਗੂ ਕੋਲੋਂ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਦੋਂ ਕਿ ਪਿਛਲੀ ਸਰਕਾਰ ਮੌਕੇ ‘ਆਪ’ ਆਗੂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਕੂਲਾਂ ਨੂੰ ਰੰਗ ਰੋਗਨ ਕਰਨ ਉਪਰੰਤ ਸਮਾਰਟ ਸਕੂਲ ਬਣਾਉਣ ਦੇ ਮਾਮਲੇ ਵਿੱਚ ਸਰਕਾਰ ਉੱਤੇ ਤਿੱਖੇ ਹਮਲੇ ਕਰਦੇ ਰਹੇ ਹਨ। ਹੁਣ ਖੁਦ ਉਦਘਾਟਨਾਂ ਅਤੇ ਆਪਣੇ ਨਾਮ ਵਾਲੇ ਨੀਂਹ ਪੱਥਰਾਂ ਦੀ ਕਥਿਤ ਭੁੱਖ ਪੂਰੀ ਕਰਨ ਲਈ ਉਦਘਾਟਨ ਹੋ ਚੁੱਕੀਆਂ ਪੁਰਾਣੀਆਂ ਇਮਾਰਤਾਂ ਨੂੰ ਰੰਗ ਰੋਗਨ ਕਰਕੇ ਆਪਣੀ ਵਾਹ ਵਾਹ ਲਈ ਵਰਤਣ ਲੱਗੇ ਹਨ। ਜਿਸ ਦੀ ਇਲਾਕੇ ਅੰਦਰ ਕਾਫੀ ਚਰਚਾ ਚੱਲ ਰਹੀ ਹੈ ਅਤੇ ਵਿਰੋਧੀ ਧਿਰਾਂ ਵੀ ਉਦਘਾਟਨ ਹੁੰਦਾ ਦੇਖ ਰਹੀਆਂ ਹਨ ਕਿਉਂਕਿ ਮੌਜੂਦਾ ਸਰਕਾਰ ਨੇ ਪਿਛਲੇ 3 ਸਾਲਾਂ ਦੌਰਾਨ ਪਿੰਡ ਦੀ ਪੰਚਾਇਤ ਨੂੰ ਕੋਈ ਗ੍ਰਾਂਟ ਜਾਂ ਸਹਾਇਤਾ ਤੱਕ ਵੀ ਨਹੀਂ ਦਿੱਤੀ ਹੈ।

ਉਸ ਮੌਕੇ ਦੀ ਸਰਪੰਚ ਰਾਜਵੰਤ ਕੌਰ ਨੇ ਕਿਹਾ ਕਿ ਪੰਚਾਇਤ ਵਲੋਂ ਪਿੰਡ ਦਾ ਸਮਸ਼ਾਨਘਾਟ ਪਹਿਲਾਂ ਹੀ ਬਣਾਇਆ ਜਾ ਚੁੱਕਾ ਹੈ ਅਤੇ ਇਸਦੀ ਚਾਰਦੀਵਾਰੀ, ਸ਼ੈਲਟਰ ਸ਼ੈਡ, ਟਾਈਲਾਂ ਲਗਾਉਣ ਦੇ ਕੰਮ ਸਮੇਤ ਹਰ ਜ਼ਰੂਰੀ ਕੰਮ ਪਹਿਲਾਂ ਹੀ ਕਰਵਾਇਆ ਜਾ ਚੁੱਕਾ ਹੈ, ਜਿਸ ‘ਤੇ ਕਰੀਬ 10 ਲੱਖ ਦੀ ਲਾਗਤ ਆਈ ਸੀ। ਉਸ ਮੌਕੇ 31 ਅਕਤੂਬਰ 2016 ਨੂੰ ਇਸ ਦਾ ਉਦਾਘਟਨ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਸਰਬਜੋਤ ਸਿੰਘ ਸਾਬੀ ਨੇ ਕੀਤਾ ਸੀ। ਇਸਦਾ ਦੁਬਾਰਾ ਉਦਘਾਟਨ ਕੀਤੇ ਜਾਣ ਦੀ ਗੱਲ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਪਿਛਲੀ ਪੰਚਾਇਤ ਦੇ ਸਰਪੰਚ ਬਲਵੀਰ ਸਿੰਘ ਟੀਟਾ ਨੇ ਕਿਹਾ ਕਿ ਇਸ ਸਮਸ਼ਾਨਘਾਟ ਦਾ ਕੰਮ ਪਿਛਲੀ ਪੰਚਾਇਤ ਵਿੱਚ ਵੀ ਹੋਇਆ ਹੈ ਅਤੇ ਰੰਗ ਕਰਕੇ ਤੇ ਕੁਝ ਫੁੱਲ ਬੂਟੇ ਲਗਾ ਕੇ ਉਦਘਾਟਨ ਕਰਨਾ ਆਪਣੇ ਆਪ ਵਿੱਚ ਹਾਸੋਹੀਣਾ ਲੱਗਦਾ ਹੈ।

ਕੀ ਕਹਿਣਾ ਹੈ ਪਿੰਡ ਨੁਸ਼ਿਹਰਾ ਪੱਤਣ ਦੇ ਸਰਪੰਚ ਜਸਵਿੰਦਰ ਸਿੰਘ ਦਾ:

ਪਿੰਡ ਨੁਸ਼ਿਹਰਾ ਪੱਤਣ ਦੇ ਸਰਪੰਚ ਜਸਵਿੰਦਰ ਸਿੰਘ ਨੇ ਕਿਹਾ ਕਿ ਸਮਸ਼ਾਨਘਾਟ ਭਾਵੇਂ ਪਹਿਲਾ ਬਣਿਆ ਹੋਇਆ ਹੈ ਅਤੇ ਇਸਦਾ ਉਦਘਾਟਨ ਵੀ ਹੋ ਚੁੱਕਾ ਹੈ। ਪਰ ਉਨ੍ਹਾਂ ਨੇ ਹੁਣ ਕੁਝ ਨਵੇਂ ਕੰਮ ਕਰਵਾਏ ਹਨ ਅਤੇ ਰੰਗ ਰੋਗਨ ਕਰਕੇ ਸਮਸ਼ਾਟਘਾਟ ਦੀ ਨੁਹਾਰ ਬਦਲੀ ਹੈ। ਹੁਣ ਇਸਦਾ ਉਦਘਾਟਨ 21 ਮਾਰਚ 2025 ਨੂੰ ‘ਆਮ ਆਦਮੀ ਪਾਰਟੀ’ ਦੇ ਹਲਕਾ ਇੰਚਾਰਜ ਪ੍ਰੋ: ਗੁਰਧਿਆਨ ਸਿੰਘ ਮੁਲਤਾਨੀ ਕਰਨਗੇ, ਜਿਸ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਦਘਾਟਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਕੇਵਲ ਕੁਝ ਲਿਖਣ ਵਾਲਾ ਕੰਮ ਬਾਕੀ ਰਹਿ ਗਿਆ ਹੈ ਅਤੇ ਕੰਮ ਮੁਕੰਮਲ ਕਰਨ ਉਪਰੰਤ ਉਦਘਾਟਨੀ ਸਮਾਗਮ ਵੀ ਕੀਤਾ ਜਾਵੇਗਾ। ਸਮਸ਼ਾਨਘਾਟ ‘ਤੇ ਕੀਤੇ ਖਰਚ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਮੁਕੰਮਲ ਖਰਚ ਕਿੰਨਾ ਹੋਇਆ ਹੈ, ਇਸ ਬਾਰੇ ਹਾਲੇ ਜਾਣਕਾਰੀ ਨਹੀਂ ਦੇ ਸਕਦੇ, ਪਰ ਕੁਝ ਲੋਕਾਂ ਨੇ ਸਹਿਯੋਗ ਕੀਤਾ ਹੈ ਅਤੇ ਫੁੱਲ ਬੂਟੇ ਵੀ ਕਿਸੇ ਨਰਸਰੀ ਵਾਲੇ ਹਮਦਰਦ ਨੇ ਭੇਂਟ ਕੀਤੇ ਹਨ।

Leave a Reply

Your email address will not be published. Required fields are marked *