
ਅੰਮ੍ਰਿਤਸਰ, 16 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾ ਮਨਜੂਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਅਸਤੀਫਾ ਮਨਜ਼ੂਰ ਹੋਇਆ ਤਾਂ ਮੇਰੇ ਸਮੇਤ ਬਾਕੀ ਸਾਰੇ ਜੱਥੇਦਾਰ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਗੇ। ਉਨ੍ਹਾਂ ਕਿਹਾ ਕਿ ਜਥੇਦਾਰ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਪਰਿਵਾਰ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜੋ ਇਕ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਬਾਦਸਤੂਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ। ਜਥੇਦਾਰ ਦੇ ਪਰਿਵਾਰ ਅਤੇ ਬੱਚਿਆਂ ਬਾਰੇ ਘਟੀਆ ਇਲਜ਼ਾਮ ਤਰਾਸ਼ੀ ਵੀ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਤਾਂ ਦੂਸਰਿਆਂ ਦੇ ਪਰਿਵਾਰਾਂ ਦੀ ਰੱਖਿਆ ਕਰਨ ਵਾਲੀ ਕੌਮ ਹੈ ਪਰ ਇਹ ਜਥੇਦਾਰਾਂ ਨੂੰ ਧਮਕੀਆਂ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਤੇ ਬੱਚਿਆਂ ਦੀ ਰੇਕੀ ਕੀਤੀ ਜਾ ਰਹੀ ਹੈ ਕਿ ਉਹ ਕਿੱਥੇ ਰਹਿ ਰਹੇ ਹਨ। ਉਨ੍ਹਾਂ ਐਸਜੀਪੀਸੀ ਪ੍ਰਧਾਨ ਨੂੰ ਆਦੇਸ਼ ਦਿੱਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ, ਜੇਕਰ ਅਸਤੀਫਾ ਪ੍ਰਵਾਨ ਕੀਤਾ ਤਾਂ ਬਾਕੀ ਸਾਰੇ ਸਿੰਘ ਸਹਿਬਾਨ ਵੀ ਅਸਤੀਫਾ ਦੇਣ ਲਈ ਮਜ਼ਬੂਰ ਹੋਣਗੇ।