
1993 ਤੋਂ ਸੇਵਾਵਾਂ ਨਿਭਾਅ ਰਹੇ ਮੁਲਾਜ਼ਮਾਂ ਦੇ ਹਿੱਤ ਵਿੱਚ ਕਦਮ; ਕਰਮਚਾਰੀ ਐਸੋਸੀਏਸ਼ਨ ਨੇ ਪ੍ਰਗਟਾਇਆ ਧੰਨਵਾਦ
ਮੋਹਾਲੀ, 26 ਅਕਤੂਬਰ, ਮਨਜੀਤ ਸਿੰਘ ਚਾਨਾ :
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਲ 2004 ਵਿੱਚ ਰੈਗੂਲਰ ਹੋਏ ਮੁਲਾਜ਼ਮਾਂ ਦੇ ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਸਬੰਧੀ ਮਾਮਲੇ ਵਿੱਚ ਅਹਿਮ ਫ਼ੈਸਲਾ ਲੈਣ ’ਤੇ ਬੋਰਡ ਕਰਮਚਾਰੀ ਐਸੋਸੀਏਸ਼ਨ ਅਤੇ ਸਬੰਧਤ ਮੁਲਾਜ਼ਮਾਂ ਵੱਲੋਂ ਚੇਅਰਮੈਨ ਡਾ. ਅਮਰਪਾਲ ਸਿੰਘ, ਆਈਏਐੱਸ (ਸੇਵਾਮੁਕਤ), ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੋਰਡ ਦੇ ਸਕੱਤਰ ਸ੍ਰੀ ਸਕੱਤਰ ਸਿੰਘ ਬੱਲ ਦਾ ਵੀ ਧੰਨਵਾਦ ਕੀਤਾ ਗਿਆ।
ਜਥੇਬੰਦੀ ਅਨੁਸਾਰ, ਇਹ ਫ਼ੈਸਲਾ ਉਨ੍ਹਾਂ ਮੁਲਾਜ਼ਮਾਂ ਲਈ ਮਹੱਤਵਪੂਰਨ ਹੈ, ਜੋ 1993 ਤੋਂ ਬੋਰਡ ਵਿੱਚ ਸੇਵਾਵਾਂ ਨਿਭਾਅ ਰਹੇ ਸਨ। ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਸਮੇਂ-ਸਮੇਂ ’ਤੇ ਹਾਈ ਕੋਰਟ ਵੱਲੋਂ ਰੈਗੂਲਰ ਮੰਨਿਆ ਗਿਆ ਸੀ, ਪਰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਮਿਲਣ ਦਾ ਮਾਮਲਾ ਲੰਮੇ ਸਮੇਂ ਤੋਂ ਲਟਕਿਆ ਹੋਇਆ ਸੀ। ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਦੇ ਮੱਦੇਨਜ਼ਰ ਲਿਆ ਗਿਆ ਇਹ ਕਦਮ ਮੁਲਾਜ਼ਮਾਂ ਦੀ ਸੇਵਾਮੁਕਤੀ ਤੋਂ ਬਾਅਦ ਦੀ ਆਰਥਿਕ ਸੁਰੱਖਿਆ ਲਈ ਅਹਿਮ ਮੰਨਿਆ ਜਾ ਰਿਹਾ ਹੈ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਨੇ ਸੰਬੋਧਨ ਕਰਦਿਆਂ ਚੇਅਰਮੈਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਮੁਲਾਜ਼ਮਾਂ ਵਿੱਚ ਖ਼ੁਸ਼ੀ ਅਤੇ ਸੰਤੁਸ਼ਟੀ ਦੀ ਲਹਿਰ ਹੈ। ਪੈਨਸ਼ਨ ਸਿਰਫ਼ ਵਿੱਤੀ ਲਾਭ ਨਹੀਂ, ਸਗੋਂ ਮੁਲਾਜ਼ਮ ਦੀ ਸਾਲਾਂ ਦੀ ਸੇਵਾ ਦਾ ਸਨਮਾਨ ਅਤੇ ਬੁਢਾਪੇ ਦੀ ਆਰਥਿਕ ਸੁਰੱਖਿਆ ਦਾ ਅਹਿਮ ਆਧਾਰ ਹੈ।
ਉਨ੍ਹਾਂ ਚੇਅਰਮੈਨ ਅਤੇ ਸਕੱਤਰ ਵੱਲੋਂ ਮੁਲਾਜ਼ਮਾਂ ਦੀ ਭਲਾਈ ਲਈ ਦਿਖਾਈ ਸੁਹਿਰਦਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਫ਼ੈਸਲੇ ਪ੍ਰਸ਼ਾਸਨ ਅਤੇ ਮੁਲਾਜ਼ਮਾਂ ਵਿਚਾਲੇ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ।
ਬੋਰਡ ਦੇ ਸਕੱਤਰ ਸ੍ਰੀ ਸਕੱਤਰ ਸਿੰਘ ਬੱਲ ਨੇ ਸਬੰਧਤ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਖ਼ੁਸ਼ੀ ਦਾ ਮੌਕਾ ਦੱਸਿਆ। ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਵੀ ਮੁਲਾਜ਼ਮਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਉਨ੍ਹਾਂ ਦੇ ਹਿੱਤਾਂ ਨਾਲ ਜੁੜੇ ਮਾਮਲਿਆਂ ਦੇ ਹੱਲ ਲਈ ਸੁਹਿਰਦ ਯਤਨ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਸਮਾਗਮ ਦੌਰਾਨ ਡਾ. ਨਵਨੀਤ ਕੌਰ ਨੇ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਵਾਗਤ ਕੀਤਾ, ਜਦਕਿ ਮੈਡਮ ਬਲਜੀਤ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਤਨਾਮ ਸਿੰਘ ਸੱਤਾ, ਰਾਜਿੰਦਰ ਮੈਣੀ, ਰਣਧੀਰ ਸਿੰਘ ਗੁੱਡੂ, ਗੁਰਚਰਨ ਸਿੰਘ ਤਰਮਾਲਾ, ਮਨੋਜ ਕੁਮਾਰ ਰਾਣਾ ਅਤੇ ਹੋਰ ਐਸੋਸੀਏਸ਼ਨ ਆਗੂ ਮੌਜੂਦ ਸਨ।
ਸਮਾਗਮ ਦੇ ਅੰਤ ਵਿੱਚ ਗੁਰਚਰਨ ਸਿੰਘ ਤਰਮਾਲਾ ਨੇ ਸਭ ਦਾ ਧੰਨਵਾਦ ਕੀਤਾ। ਮੁਲਾਜ਼ਮਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਅਤੇ ਐਸੋਸੀਏਸ਼ਨ ਨੇ ਇਸ ਫ਼ੈਸਲੇ ਨੂੰ ਮੁਲਾਜ਼ਮਾਂ ਦੇ ਹੱਕਾਂ ਤੇ ਸੁਰੱਖਿਅਤ ਭਵਿੱਖ ਵੱਲ ਯਾਦਗਾਰੀ ਕਦਮ ਕਰਾਰ ਦਿੱਤਾ।