
ਚੰਡੀਗੜ੍ਹ, 26 ਸਤੰਬਰ, ਪੰਜਾਬੀ ਦੁਨੀਆ ਬਿਊਰੋ :
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਅਗਲੇ ਸਾਲ ਹੋਣ ਵਾਲਾ ਵਨਡੇ ਵਿਸ਼ਵ ਕੱਪ ਭਾਰਤ ਲਈ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੋਵੇਗਾ। ਕੋਹਲੀ ਨੇ ਕਿਹਾ ਕਿ ਇਸ ਟੂਰਨਾਮੈਂਟ ਨੂੰ ਜਿੱਤਣਾ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੇਰਣਾ ਹੈ ਅਤੇ ਉਹ ਖਿਤਾਬ ਜਿੱਤਣ ਲਈ ਆਪਣਾ ਸਭ ਕੁਝ ਮੈਦਾਨ ‘ਤੇ ਝੋਂਕ ਦੇਣਗੇ।
ਤਿਰੁਵਨੰਤਪੁਰਮ ਵਿਖੇ ਵੈਸਟਇੰਡੀਜ਼ ਖ਼ਿਲਾਫ਼ ਐਤਵਾਰ ਤੋਂ ਸ਼ੁਰੂ ਹੋ ਰਹੀ ਵਨਡੇ ਸੀਰੀਜ਼ ਤੋਂ ਪਹਿਲਾਂ 37 ਸਾਲਾ ਕੋਹਲੀ ਨੇ ਕਿਹਾ, “ਮੇਰੇ ਲਈ ਇਹ ਭਾਰਤ ਲਈ ਖੇਡਣ ਵਾਲਾ ਆਖਰੀ ਵਿਸ਼ਵ ਕੱਪ ਹੋਵੇਗਾ। ਮੇਰਾ ਟੀਚਾ ਬਿਲਕੁਲ ਸਪੱਸ਼ਟ ਹੈ—ਵਿਸ਼ਵ ਕੱਪ ਜਿੱਤਣਾ ਅਤੇ ਇਸ ਲਈ ਜੋ ਕੁਝ ਵੀ ਕਰਨਾ ਪਵੇ, ਮੈਂ ਉਸ ਲਈ ਪੂਰੀ ਤਰ੍ਹਾਂ ਤਿਆਰ ਹਾਂ।”
ਦੱਸਣਯੋਗ ਹੈ ਕਿ ਕੋਹਲੀ 2011 ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਸਨ। ਉਨ੍ਹਾਂ ਨੇ ਕਿਹਾ ਕਿ 50 ਓਵਰਾਂ ਦੇ ਵਿਸ਼ਵ ਕੱਪ ਦੀ ਤੀਬਰਤਾ ਕਿਸੇ ਵੀ ਹੋਰ ਫਾਰਮੈਟ ਨਾਲੋਂ ਵੱਖਰੀ ਹੁੰਦੀ ਹੈ। ਉਨ੍ਹਾਂ ਮੁਤਾਬਕ, ਵਿਦੇਸ਼ੀ ਹਾਲਾਤਾਂ ਵਿੱਚ ਲਗਾਤਾਰ ਉੱਚ ਪੱਧਰੀ ਪ੍ਰਦਰਸ਼ਨ ਕਰਨਾ ਵੱਡੀ ਚੁਣੌਤੀ ਹੁੰਦੀ ਹੈ।
ਇਸੇ ਦੌਰਾਨ 39 ਸਾਲਾ ਰੋਹਿਤ ਸ਼ਰਮਾ ਨੇ ਵੀ ਵਿਸ਼ਵ ਕੱਪ ਨੂੰ ਲੈ ਕੇ ਆਪਣੀਆਂ ਉਮੀਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਖੇਡ ਰਹੇ ਹਨ, ਅੱਗੇ ਦੇ ਟੀਚਿਆਂ ਬਾਰੇ ਸੋਚਦੇ ਰਹਿਣਗੇ।