Breaking News
Smart Media Dashmesh Insurance Point

‘ਦਾਦੇ ਦੀ ਪੈਲ਼ੀ’ ਰਾਹੀਂ ਵਿਰਾਸਤੀ ਜ਼ਮੀਨ ਦਾ ਦਰਦ ਬਿਆਨ ਕਰਦਾ ਹਰਿੰਦਰ ਹਰ ਦਾ ਨਵਾਂ ਗੀਤ ਰਲੀਜ਼

ਮੋਹਾਲੀ, 25 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਗਾਇਕ ਹਰਿੰਦਰ ਹਰ ਦਾ ਨਵਾਂ ਗੀਤ ‘ਦਾਦੇ ਦੀ ਪੈਲ਼ੀ’ ਅੱਜ ਮੋਹਾਲੀ ਪ੍ਰੈੱਸ ਕਲੱਬ ਵਿਖੇ ਕਰਵਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਕਰਨਲ ਜਸਦੀਪ ਸਿੰਘ ਸੰਧੂ, ਅਡਵਾਈਜ਼ਰ, ਸਿਵਲ ਮਿਲਟਰੀ ਅਫੇਅਰ, ਵੈਸਟਰਨ ਕਮਾਂਡ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

‘ਦਾਦੇ ਦੀ ਪੈਲ਼ੀ’ ਵਿੱਚ ਪੰਜਾਬ ਦੀ ਮਿੱਟੀ, ਪੁਰਖਿਆਂ ਦੀ ਵਿਰਾਸਤੀ ਜ਼ਮੀਨ ਅਤੇ ਪੇਂਡੂ ਜੀਵਨ ਨਾਲ ਜੁੜੇ ਜਜ਼ਬਾਤ ਨੂੰ ਉਭਾਰਿਆ ਗਿਆ ਹੈ। ਗੀਤ ਰਾਹੀਂ ਅੱਜ ਦੀ ਨੌਜਵਾਨ ਪੀੜ੍ਹੀ ਦੇ ਸ਼ਹਿਰੀ ਚਕਾਚੌਂਧ ਅਤੇ ਵਿਦੇਸ਼ਾਂ ਵੱਲ ਪਰਵਾਸ ਦੇ ਰੁਝਾਨ ਕਾਰਨ ਪੁਰਖਿਆਂ ਦੀ ਮਿਹਨਤ ਨਾਲ ਬਣਾਈ ਜ਼ਮੀਨ ਵੇਚਣ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। ਹਰਿੰਦਰ ਹਰ ਇਸ ਤੋਂ ਪਹਿਲਾਂ ਵੀ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਧਾਰਮਿਕ ਭਾਵਨਾਵਾਂ ਨਾਲ ਸਬੰਧਤ ਕਈ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ। ਹਰਿੰਦਰ ਹਰ ਨੇ ਲੱਚਰਪੁਣੇ ਦੀ ਬਜਾਇ ਹਮੇਸ਼ਾਂ ਪੰਜਾਬੀ ਵਿਰਸੇ ਨਾਲ ਜੁੜੀ ਸਾਫ਼ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ।

ਇਸ ਮੌਕੇ ਕਰਨਲ ਜਸਦੀਪ ਸਿੰਘ ਸੰਧੂ ਨੇ ਕਿਹਾ ਕਿ ਵਿਰਾਸਤੀ ਜ਼ਮੀਨ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਪਰਵਾਸ ਕਰਨ ਦੀ ਬਜਾਇ ਦੇਸ਼ ਵਿੱਚ ਰਹਿ ਕੇ ਖੇਤੀਬਾੜੀ ਨੂੰ ਕਿੱਤੇ ਵਜੋਂ ਅਪਣਾਉਣ ਅਤੇ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਅਪੀਲ ਕੀਤੀ।

ਡਾਇਰੈਕਟਰ ਗੁਰਵਿੰਦਰ ਬੈਦਵਾਨ ਦੀ ਰਹਿਨੁਮਾਈ ਹੇਠ ਤਿਆਰ ਕੀਤੇ ਗੀਤ ਦੇ ਬੋਲ ਦੇਵ ਨੇ ਲਿਖੇ ਹਨ, ਜਦਕਿ ਸੰਗੀਤ ਜੀ ਸੋਨੂੰ ਨੇ ਦਿੱਤਾ ਹੈ। ਇਸ ਦੀ ਵੀਡੀਓਗ੍ਰਾਫੀ ਕੁਲਜੀਤ ਸ਼ੇਰਗਿੱਲ ਨੇ ਕੀਤੀ। ਗੀਤ ਦਾ ਨਿਰਮਾਣ ਤੇ ਲੇਬਲ ਹਰਿੰਦਰ ਹਰ ਮਿਊਜ਼ਿਕ ਅਧੀਨ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਐਡੀਟਿੰਗ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ।

ਇਸ ਮੌਕੇ ਅਦਾਕਾਰਾ ਜਸਪ੍ਰੀਤ ਕੌਰ, ਕਮਲ ਸ਼ਰਮਾ, ਦਵਿੰਦਰ ਕੌਰ ਢਿੱਲੋਂ, ਹਰਮਨਜੀਤ ਸਿੰਘ, ਗੁਰਜਿੰਦਰ ਸਿੰਘ ਅਤੇ ਪਰਮਜੀਤ ਪੰਮੀ ਮਨੌਲੀ ਸਮੇਤ ਗੀਤ ਨਾਲ ਜੁੜੀ ਟੀਮ ਹਾਜ਼ਰ ਸੀ।

Leave a Reply

Your email address will not be published. Required fields are marked *