
ਕੁੱਲ ਗਿਣਤੀ 97 ਤੋਂ ਵਧ ਕੇ 207 ਹੋਈ; ਪੋਸਟ-ਗ੍ਰੈਜੂਏਟ ਕੋਰਸਾਂ ਦੇ ਵਿਸਥਾਰ ਨਾਲ ਵਧੀ ਲੋੜ
ਚੰਡੀਗੜ੍ਹ, 24 ਸਤੰਬਰ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਸਰਕਾਰ ਨੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਐਸਏਐਸ ਨਗਰ ਵਿੱਚ ਜੂਨੀਅਰ ਰੈਜ਼ੀਡੈਂਟ (ਜੇਆਰ) ਡਾਕਟਰਾਂ ਦੀਆਂ 110 ਨਵੀਆਂ ਅਸਾਮੀਆਂ ਸਿਰਜਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸੰਸਥਾ ਵਿੱਚ ਪ੍ਰਵਾਨਿਤ ਜੂਨੀਅਰ ਰੈਜ਼ੀਡੈਂਟ ਅਸਾਮੀਆਂ ਦੀ ਗਿਣਤੀ 97 ਤੋਂ ਵਧ ਕੇ 207 ਹੋ ਜਾਵੇਗੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅਤੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ ਵੱਲੋਂ 24 ਵਿਭਾਗਾਂ ਵਿੱਚ ਐਫੀਲੀਏਸ਼ਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਏਮਜ਼ ਮੋਹਾਲੀ ਵਿੱਚ ਪੋਸਟ-ਗ੍ਰੈਜੂਏਟ ਸੀਟਾਂ ਦੀ ਗਿਣਤੀ 69 ਪ੍ਰਤੀ ਸਾਲ ਹੋ ਗਈ ਹੈ। ਤਿੰਨ ਸਾਲਾਂ ਦੇ ਸਿਖਲਾਈ ਚੱਕਰ ਨੂੰ ਦੇਖਦਿਆਂ 207 ਰੈਜ਼ੀਡੈਂਟ ਡਾਕਟਰਾਂ ਦੀ ਲੋੜ ਬਣਦੀ ਹੈ।
ਉਨ੍ਹਾਂ ਦੱਸਿਆ ਕਿ ਮੌਜੂਦਾ 97 ਪ੍ਰਵਾਨਿਤ ਅਸਾਮੀਆਂ ਦੇ ਮੁਕਾਬਲੇ ਸਾਲਾਨਾ 38 ਅਕਾਦਮਿਕ ਰੈਜ਼ੀਡੈਂਟਾਂ ਦੇ ਦਾਖ਼ਲੇ ਨਾਲ ਤਿੰਨ ਸਾਲਾਂ ਵਿੱਚ 114 ਰੈਜ਼ੀਡੈਂਟ ਬਣਦੇ ਹਨ। ਨਵੇਂ ਕੋਰਸਾਂ ਅਤੇ ਵਿਭਾਗਾਂ ਦੇ ਵਿਸਥਾਰ ਦੇ ਮੱਦੇਨਜ਼ਰ 2026-27 ਲਈ 147, 2027-28 ਲਈ 177 ਅਤੇ 2028-29 ਲਈ 207 ਅਸਾਮੀਆਂ ਦੀ ਲੋੜ ਦਾ ਅਨੁਮਾਨ ਲਗਾਇਆ ਗਿਆ ਹੈ।
ਚੀਮਾ ਨੇ ਕਿਹਾ ਕਿ ਮੌਜੂਦਾ ਸੈਸ਼ਨ ਦੌਰਾਨ ਸੱਤ ਰੈਗੂਲਰ/ਪੋਸਟ-ਡਿਪਲੋਮਾ ਜੂਨੀਅਰ ਰੈਜ਼ੀਡੈਂਟ ਆਪਣਾ ਕਾਰਜਕਾਲ ਪੂਰਾ ਕਰ ਰਹੇ ਹਨ। ਇਨ੍ਹਾਂ ਵਿੱਚੋਂ ਛੇ ਅਕਤੂਬਰ ਅਤੇ ਇੱਕ ਦਸੰਬਰ ਵਿੱਚ ਰਿਲੀਵ ਹੋਵੇਗਾ। ਉਨ੍ਹਾਂ ਕਿਹਾ ਕਿ ਕਲੀਨਿਕਲ ਸੇਵਾਵਾਂ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਵਿਘਨ ਤੋਂ ਬਚਣ ਲਈ ਨਵੀਆਂ ਅਸਾਮੀਆਂ ਦੀ ਮਨਜ਼ੂਰੀ ਜ਼ਰੂਰੀ ਸੀ।