
ਗਾਹਕਾਂ ਨੂੰ 25 ਸਤੰਬਰ ਤੱਕ ਜ਼ਰੂਰੀ ਬੈਂਕਿੰਗ ਕੰਮ ਨਿਪਟਾਉਣ ਦੀ ਸਲਾਹ
ਚੰਡੀਗੜ੍ਹ, 22 ਸਤੰਬਰ, ਪੰਜਾਬੀ ਦੁਨੀਆ ਬਿਊਰੋ :
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਵੱਲੋਂ 28 ਸਤੰਬਰ ਤੋਂ 30 ਸਤੰਬਰ 2026 ਤੱਕ ਤਿੰਨ ਦਿਨਾਂ ਦੀ ਬੈਂਕ ਹੜਤਾਲ ਪ੍ਰਸਤਾਵਿਤ ਕੀਤੀ ਗਈ ਹੈ। ਇਸ ਤੋਂ ਇਲਾਵਾ 26 ਅਤੇ 27 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਕਾਰਨ ਬੈਂਕ ਸ਼ਾਖਾਵਾਂ ਦਾ ਨਿਯਮਤ ਕੰਮਕਾਜ ਲਗਾਤਾਰ ਕਈ ਦਿਨਾਂ ਤੱਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਸਟੇਟ ਲੈਵਲ ਬੈਂਕਰਜ਼ ਕਮੇਟੀ (SLBC), ਪੰਜਾਬ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਉਹ ਆਪਣੇ ਜ਼ਰੂਰੀ ਬੈਂਕਿੰਗ ਕੰਮ 25 ਸਤੰਬਰ 2026 ਤੱਕ ਨਿਪਟਾ ਲੈਣ।SLBC ਅਨੁਸਾਰ, ਹੜਤਾਲ ਦੌਰਾਨ ਬੈਂਕ ਸ਼ਾਖਾਵਾਂ ਵਿੱਚ ਵੱਖ-ਵੱਖ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਲਈ ਗਾਹਕਾਂ ਨੂੰ ਨਕਦੀ ਕਢਵਾਉਣ ਅਤੇ ਹੋਰ ਨਿਯਮਤ ਬੈਂਕਿੰਗ ਜ਼ਰੂਰਤਾਂ ਲਈ ਏਟੀਐਮ, ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਯੂਪੀਆਈ, ਬੈਂਕਿੰਗ ਕਰਸਪਾਂਡੈਂਟ (BC) ਏਜੰਟ/ਗਾਹਕ ਸੇਵਾ ਕੇਂਦਰ (CSP) ਅਤੇ ਹੋਰ ਡਿਜੀਟਲ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਬੈਂਕਾਂ ਵੱਲੋਂ ਗਾਹਕਾਂ ਨੂੰ ਜ਼ਰੂਰੀ ਸੇਵਾਵਾਂ ਉਪਲਬਧ ਕਰਵਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ, ਪਰ ਹੜਤਾਲ ਕਾਰਨ ਸ਼ਾਖਾ ਪੱਧਰ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। SBI ਨੇ ਵੀ ਆਪਣੇ ਗਾਹਕਾਂ ਨੂੰ ਮਹੱਤਵਪੂਰਨ ਸ਼ਾਖਾ-ਸਬੰਧੀ ਕੰਮ ਪਹਿਲਾਂ ਹੀ ਨਿਪਟਾਉਣ ਅਤੇ ਡਿਜੀਟਲ ਬੈਂਕਿੰਗ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।