
ਮੋਹਾਲੀ, 22 ਸਤੰਬਰ, ਪੰਜਾਬੀ ਦੁਨੀਆ ਬਿਊਰੋ :
ਜਨਗਣਨਾ-2027 ਦੇ ਫੇਜ਼-2 ਨੂੰ ਸੁਚਾਰੂ ਅਤੇ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਫੀਲਡ ਟ੍ਰੇਨਰਾਂ (ਐਫ.ਟੀਜ਼) ਦੀ ਤਿੰਨ ਰੋਜ਼ਾ ਸਿਖਲਾਈ ਅੱਜ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਸ਼ੁਰੂ ਹੋਈ। ਸਿਖਲਾਈ ਪ੍ਰੋਗਰਾਮ ਪ੍ਰਿੰਸੀਪਲ ਸੈਂਸਸ ਅਫ਼ਸਰ (ਪੀ.ਸੀ.ਓ.), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਨਿਗਰਾਨੀ ਹੇਠ ਕਰਵਾਇਆ ਜਾ ਰਿਹਾ ਹੈ। ਨੈਸ਼ਨਲ ਟ੍ਰੇਨਰਾਂ ਤੋਂ ਸਿਖਲਾਈ ਪ੍ਰਾਪਤ ਦੋ ਮਾਸਟਰ ਟ੍ਰੇਨਰਾਂ ਵੱਲੋਂ ਫੀਲਡ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਸੈਂਸਸ ਅਫ਼ਸਰ ਸ੍ਰੀਮਤੀ ਗੀਤਿਕਾ ਸਿੰਘ ਨੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਫੀਲਡ ਟ੍ਰੇਨਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ, ਸਟੀਕਤਾ ਅਤੇ ਟੀਮ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਕੰਮ ਨੂੰ ਪਾਰਦਰਸ਼ੀ ਅਤੇ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਰ ਪੱਧਰ ’ਤੇ ਬਿਹਤਰ ਤਾਲਮੇਲ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਜ਼ਰੂਰੀ ਹੈ।
ਜ਼ਿਲ੍ਹੇ ਵਿੱਚ ਕੁੱਲ 76 ਫੀਲਡ ਟ੍ਰੇਨਰਾਂ ਨੂੰ ਦੋ ਬੈਚਾਂ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। ਪਹਿਲੇ ਬੈਚ ਦੀ ਸਿਖਲਾਈ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸ਼ੁਰੂ ਹੋਈ, ਜਦਕਿ ਦੂਜੇ ਬੈਚ ਦੀ ਸਿਖਲਾਈ ਨਗਰ ਨਿਗਮ ਦਫ਼ਤਰ ਵਿਖੇ ਕਰਵਾਈ ਜਾਵੇਗੀ। ਸਿਖਲਾਈ ਪੂਰੀ ਹੋਣ ਉਪਰੰਤ ਇਹ ਫੀਲਡ ਟ੍ਰੇਨਰ ਐਨੂਮੇਰੇਟਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣਗੇ।
22 ਤੋਂ 24 ਸਤੰਬਰ ਤੱਕ ਚੱਲਣ ਵਾਲੀ ਸਿਖਲਾਈ ਦੌਰਾਨ ਆਬਾਦੀ ਗਿਣਤੀ ਨਾਲ ਸਬੰਧਤ ਅਹਿਮ ਪਹਿਲੂਆਂ ਤੋਂ ਇਲਾਵਾ ਗਿਣਤੀ ਸਮੇਂ ਪੁੱਛੇ ਜਾਣ ਵਾਲੇ 40 ਸਵਾਲਾਂ, ਉਨ੍ਹਾਂ ਨੂੰ ਸਹੀ ਢੰਗ ਨਾਲ ਪੁੱਛਣ ਦੀ ਪ੍ਰਕਿਰਿਆ ਅਤੇ ਸਹੀ ਅੰਕੜੇ ਇਕੱਤਰ ਕਰਨ ਵਿੱਚ ਉਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਪਾਪੂਲੇਸ਼ਨ ਐਨੂਮੇਰੇਸ਼ਨ (ਪੀ.ਈ.) ਮੋਬਾਈਲ ਐਪ ਦੀ ਵਰਤੋਂ ਅਤੇ ਐਨੂਮੇਰੇਸ਼ਨ ਬਲਾਕ ਦੇ ਲੇਆਊਟ ਮੈਪ ਤਿਆਰ ਕਰਨ ਸਬੰਧੀ ਪ੍ਰੈਕਟੀਕਲ ਸਿਖਲਾਈ ਵੀ ਦਿੱਤੀ ਜਾ ਰਹੀ ਹੈ।
ਮਾਸਟਰ ਟ੍ਰੇਨਰ ਸ੍ਰੀ ਮੁਕੇਸ਼ ਕੁਮਾਰ ਅਤੇ ਸ੍ਰੀ ਵਿਸ਼ਾਲ ਦੂਮੜਾ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ 24 ਸਤੰਬਰ ਨੂੰ ਸੰਪੰਨ ਹੋਵੇਗੀ।