
ਟੀਮ ਨੇ 8ਵੀਂ ਵਾਰ ਖਿਤਾਬ ‘ਤੇ ਕੀਤਾ ਕਬਜ਼ਾ
ਸਮ੍ਰਿਤੀ ਮੰਧਾਨਾ ਅਤੇ ਸ਼ਫਾਲੀ ਵਰਮਾ ਨੇ ਪਹਿਲੀ ਵਿਕਟ ਲਈ ਰਿਕਾਰਡ 129 ਦੌੜਾਂ ਜੋੜੀਆਂ
ਦੁਬਈ, 14 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੂਮੈਨ ਟੀ-20 ਏਸ਼ੀਆ ਕੱਪ 2026 ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਨਾ ਕੇਵਲ ਆਪਣਾ ਖਿਤਾਬ ਬਚਾਇਆ ਹੈ, ਸਗੋਂ ਏਸ਼ੀਆ ਕੱਪ ਟਰਾਫੀ ‘ਤੇ ਮੁੜ ਆਪਣਾ ਦਬਦਬਾ ਕਾਇਮ ਕੀਤਾ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 183 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਓਪਨਰ ਸਮ੍ਰਿਤੀ ਮੰਧਾਨਾ ਅਤੇ ਸ਼ਫਾਲੀ ਵਰਮਾ ਨੇ ਟੀਮ ਨੂੰ ਧਮਾਕੇਦਾਰ ਸ਼ੁਰੂਆਤ ਦਵਾਈ। ਦੋਵਾਂ ਬੱਲੇਬਾਜ਼ਾਂ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਸ਼ਾਨਦਾਰ ਅਰਧ-ਸੈਂਕੜੇ ਜੜੇ। ਸ਼ਫਾਲੀ ਨੇ 68 ਦੌੜਾਂ ਅਤੇ ਮੰਧਾਨਾ ਨੇ 59 ਦੌੜਾਂ ਦੀ ਬਹਿਤਰੀਨ ਪਾਰੀ ਖੇਡੀ। ਦੋਵਾਂ ਨੇ ਸ਼੍ਰੀਲੰਕਾਈ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪਹਿਲੀ ਵਿਕਟ ਲਈ 129 ਦੌੜਾਂ ਦੀ ਰਿਕਾਰਡ ਭਾਈਵਾਲੀ ਕੀਤੀ।
184 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਭਾਰਤੀ ਸਪਿਨਰਾਂ ਦੇ ਜਾਲ ‘ਚ ਫਸ ਗਈ। ਸ਼੍ਰੀ ਚਰਾਨੀ ਨੇ ਘਾਤਕ ਗੇਂਦਬਾਜ਼ੀ ਕਰਦਿਆਂ 20 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ, ਜਦਕਿ ਦੀਪਤੀ ਸ਼ਰਮਾ ਨੇ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਸ਼੍ਰੀਲੰਕਾ ਦੀ ਪੂਰੀ ਟੀਮ 20 ਓਵਰਾਂ ਵਿੱਚ 111 ਦੌੜਾਂ ‘ਤੇ ਹੀ ਆਲ ਆਊਟ ਹੋ ਗਈ। ਸ਼ਫਾਲੀ ਵਰਮਾ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ‘ਪਲੇਅਰ ਆਫ਼ ਦ ਮੈਚ’ ਨਾਲ ਨਵਾਜਿਆ ਗਿਆ।
ਫਾਈਨਲ ਮੈਚ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਟੀਮ ਦੇ ਚੇਅਰਮੈਨ ਮੋਹਿਸਨ ਨਕਵੀ ਕੋਲੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਸਟੇਡੀਅਮ ਵਿੱਚ ਇੱਕ ਵਾਰ ਮਾਹੌਲ ਗਰਮਾ ਗਿਆ। ਇਸ ਦੌਰਾਨ ਨਕਵੀ ਬਿਨਾਂ ਟਰਾਫੀ ਦਿੱਤੇ ਹੀ ਸਟੇਡੀਅਮ ਚੋਂ ਬਾਹਰ ਚਲੇ ਗਏ।