Breaking News
Smart Media Dashmesh Mohali Walk Smart Media Insurance Point Hardev Singh Ubha

ਪ੍ਰਾਚੀਨ ਕਲਾ ਕੇਂਦਰ ਵੱਲੋਂ 295ਵੀਂ ਮਾਸਿਕ ਮਿਲਣੀ ਦੌਰਾਨ ਕਲਾਸੀਕਲ ਰੰਗਾਂ ਵਿੱਚ ਸਜੀ ਕੀਬੋਰਡ ਦੀ ਪੇਸ਼ਕਾਰੀ

ਚੰਡੀਗੜ੍ਹ, 12 ਮਈ, ਪੰਜਾਬੀ ਦੁਨੀਆ ਬਿਊਰੋ :

ਪ੍ਰਾਚੀਨ ਕਲਾ ਕੇਂਦਰ ਵੱਲੋਂ 295ਵੀਂ ਮਾਸਿਕ ਮਿਲਣੀ ਦਾ ਆਯੋਜਨ ਕੇਂਦਰ ਦੇ ਸੈਕਟਰ 35 ਸਥਿਤ ਕੌਸਰ ਆਡੀਟੋਰੀਅਮ ਵਿੱਚ ਬੀਤੀ ਸ਼ਾਮ 6:30 ਵਜੇ ਕੀਤਾ ਗਿਆ। ਇਸ ਦੌਰਾਨ ਇਲਾਹਾਬਾਦ ਤੋਂ ਆਏ ਪੰਡਿਤ ਵਿਜੇ ਚੰਦਰ ਨੇ ਕੀ-ਬੋਰਡ (ਸਿੰਥੇਸਾਈਜ਼ਰ) ਦੀ ਪੇਸ਼ਕਾਰੀ ਪੇਸ਼ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕੀ-ਬੋਰਡ ਵਰਗੇ ਪੱਛਮੀ ਸਾਜ਼ਾਂ ਨੂੰ ਸ਼ਾਸਤਰੀ ਰਾਗਾਂ ਨਾਲ ਸਜਾ ਕੇ ਪੇਸ਼ ਕੀਤਾ। ਇਸ ਮੌਕੇ ਕੇਂਦਰ ਦੀ ਰਜਿਸਟਰਾਰ ਡਾ: ਸ਼ੋਭਾ ਕੌਸਰ ਹਾਜ਼ਰ ਸਨ।

ਪੰਡਿਤ ਵਿਜੇ ਚੰਦਰ ਨੇ ਭਾਰਤੀ ਸ਼ਾਸਤਰੀ ਸੰਗੀਤ ਲਈ ਇਕ ਅਜਿਹੇ ਵਿਦੇਸ਼ੀ ਸਾਜ਼ ਦੀ ਚੋਣ ਕੀਤੀ, ਜਿਸ ‘ਤੇ ਸੰਗੀਤ ਦਾ ਅਭਿਆਸ ਕਰਨਾ ਬਹੁਤ ਔਖਾ ਸੀ। “ਜਿਥੇ ਚਾਹ, ਉਥੇ ਰਾਹ” ਵਾਲੀ ਕਹਾਵਤ ਨੂੰ ਸੱਚ ਕਰਨ ਵਾਲੇ ਕਲਾਕਾਰ ਵਿਜੇ ਚੰਦਰ ਨੇ ਨਾ ਸਿਰਫ ਇਸ ਕਲਾ ਨੂੰ ਸੰਪੂਰਨ ਕੀਤਾ ਬਲਕਿ ਇਸ ਕਲਾ ਨੂੰ ਦੇਸ਼-ਵਿਦੇਸ਼ ਵਿੱਚ ਪੇਸ਼ ਕਰਕੇ ਬਹੁਤ ਪ੍ਰਸ਼ੰਸਾ ਵੀ ਪ੍ਰਾਪਤ ਕੀਤੀ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਪੰਡਿਤ ਵਿਜੇ ਚੰਦਰ ਨੇ ਰਾਗ ਕਿਰਵਾਨੀ ਨਾਲ ਕੀਤੀ, ਜਿਸ ਵਿੱਚ ਵਿਲੰਬਿਤ ਮੱਧ ਲਯਾ ਦੀ ਰਚਨਾ, ਰੂਪਕਾ ਤਾਲ ‘ਤੇ ਆਧਾਰਿਤ ਇਕ ਹੋਰ ਰਚਨਾ ਪੇਸ਼ ਕੀਤੀ ਗਈ। ਪੰਡਿਤ ਵਿਜੇ ਚੰਦਰ ਇੱਕ ਅਜਿਹੇ ਕਲਾਕਾਰ ਹਨ ਜਿਹਨਾਂ ਸ਼ਾਸਤਰੀ ਸੰਗੀਤ ਦੇ ਨਾਲ ਪੱਛਮੀ ਸਾਜ਼ਾਂ ਨੂੰ ਸ਼ਾਮਲ ਕਰਕੇ ਇੱਕ ਨਵਾਂ ਪ੍ਰਯੋਗ ਕੀਤਾ ਅਤੇ ਸਫਲ ਵੀ ਹੋਏ। ਅੱਜ ਉਹਨਾਂ ਦਾ ਇਹ ਪ੍ਰਯੋਗ ਸਫਲਤਾ ਦੇ ਨਵੇਂ ਦਿਸਹੱਦੇ ਕਾਇਮ ਕਰ ਰਿਹਾ ਹੈ।

ਉਹਨਾਂ ਨੇ ਪ੍ਰੋਗਰਾਮ ਦੀ ਸਮਾਪਤੀ ਦਰਿਤ ਤਿੰਨ ਤਾਲ ਨਾਲ ਸਜੀ ਬੰਦਿਸ਼ ਨਾਲ ਕੀਤਾ। ਇਕ ਸੁਰੀਲੀ ਧੁਨ ਨਾਲ ਸਮਾਪਤੀ ਕਰਕੇ ਪੰਡਿਤ ਵਿਜੇ ਚੰਦਰ ਨੇ ਸਰੋਤਿਆਂ ਤੋਂ ਖੂਬ ਤਾੜੀਆਂ ਪ੍ਰਾਪਤ ਕੀਤੀਆਂ। ਅੱਜ ਦੇ ਪ੍ਰੋਗਰਾਮ ਦੀ ਸਫਲਤਾ ਦਾ ਅੱਧਾ ਸਿਹਰਾ ਪ੍ਰਸਿੱਧ ਤਬਲਾ ਵਾਦਕ ਉਸਤਾਦ ਰਫੀਉਦੀਨ ਸਾਬਰੀ ਨੂੰ ਵੀ ਜਾਂਦਾ ਹੈ, ਜਿਨ੍ਹਾਂ ਨੇ ਬਾਖੂਬੀ ਸਾਥ ਦੇ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਪ੍ਰੋਗਰਾਮ ਦੇ ਅੰਤ ਵਿੱਚ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *