
ਨੈਸਕੌਮ ਦੇ ਵਫ਼ਦ ਨਾਲ ਮੁੱਖ ਮੰਤਰੀ ਦੀ ਅਹਿਮ ਮੀਟਿੰਗ
ਨਿਵੇਸ਼ ਵਧਾਉਣ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ’ਤੇ ਜ਼ੋਰ
ਚੰਡੀਗੜ੍ਹ, 24 ਅਗਸਤ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਨੂੰ ਆਈ.ਟੀ., ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ (ਜੀ.ਸੀ.ਸੀ.) ਦਾ ਪ੍ਰਮੁੱਖ ਕੇਂਦਰ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਨੈਸਕੌਮ ਦੇ ਵਫ਼ਦ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਮੁਹਾਲੀ ਉੱਤਰੀ ਭਾਰਤ ਵਿੱਚ ਤਕਨਾਲੋਜੀ ਅਤੇ ਆਈ.ਟੀ. ਨਿਵੇਸ਼ ਲਈ ਤੇਜ਼ੀ ਨਾਲ ਪਸੰਦੀਦਾ ਮੰਜ਼ਿਲ ਵਜੋਂ ਉੱਭਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਹੁਨਰਮੰਦ ਮਨੁੱਖੀ ਸ਼ਕਤੀ, ਘੱਟ ਕਾਰੋਬਾਰੀ ਲਾਗਤਾਂ ਅਤੇ ਮਜ਼ਬੂਤ ਸੰਸਥਾਗਤ ਈਕੋਸਿਸਟਮ ਮੌਜੂਦ ਹੈ। ‘ਇਨਵੈਸਟ ਪੰਜਾਬ’ ਅਤੇ ਨਵੀਂ ਜੀ.ਸੀ.ਸੀ. ਨੀਤੀ-2026 ਰਾਹੀਂ ਤਕਨਾਲੋਜੀ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਸਹੂਲਤਾਂ ਦੇਣ ’ਤੇ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਮੀਟਿੰਗ ਦੀ ਵੀਡੀਓ ਕਲਿੱਪ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਪੰਜਾਬ ਨੂੰ ਆਈ.ਟੀ. ਖੇਤਰ ਵਿੱਚ ਮੋਹਰੀ ਸੂਬਾ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਅਤਿ-ਆਧੁਨਿਕ ਸਟਾਰਟਅੱਪ ਇਨਕਿਊਬੇਟਰ ਸਥਾਪਤ ਕਰਨ ਲਈ ਨੈਸਕੌਮ ਨੂੰ ਪੰਜਾਬ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨਾਲ ਸੂਬੇ ਦੇ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ।ਮਾਨ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਖੇਤਰ ਵਿੱਚ ਵੀ ਏ.ਆਈ. ਦੀ ਵਰਤੋਂ ਵਧਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਆਈ.ਆਈ.ਟੀ. ਰੋਪੜ ਅਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਤਹਿਤ ਸਮਾਰਟ ਫਾਰਮਿੰਗ ਅਤੇ ਭਵਿੱਖਬਾਣੀ ਵਿਸ਼ਲੇਸ਼ਣ ਵਰਗੀਆਂ ਤਕਨੀਕਾਂ ਰਾਹੀਂ ਕਿਸਾਨਾਂ ਦੀ ਪੈਦਾਵਾਰ ਅਤੇ ਖੇਤੀ ਦੀ ਸਥਿਰਤਾ ਵਧਾਉਣ ਦਾ ਟੀਚਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੁਹਾਲੀ ਵਿੱਚ ਹਵਾਈ, ਰੇਲ ਅਤੇ ਸੜਕੀ ਸੰਪਰਕ ਦੇ ਨਾਲ ਉੱਚ ਪੱਧਰੀ ਸਿਹਤ ਸਹੂਲਤਾਂ, ਵਿੱਦਿਅਕ ਸੰਸਥਾਵਾਂ ਅਤੇ ਜ਼ਮੀਨ ਦੀ ਉਪਲਬਧਤਾ ਇਸ ਨੂੰ ਬਹੁ-ਕੌਮੀ ਕੰਪਨੀਆਂ ਲਈ ਆਕਰਸ਼ਕ ਬਣਾਉਂਦੀ ਹੈ। ਉਨ੍ਹਾਂ ਅਨੁਸਾਰ ਮੁਹਾਲੀ ਅਤੇ ਆਸ-ਪਾਸ ਸਥਿਤ ਪ੍ਰਮੁੱਖ ਯੂਨੀਵਰਸਿਟੀਆਂ ਕੰਪਨੀਆਂ ਨੂੰ ਵੱਡਾ ਪ੍ਰਤਿਭਾ ਪੂਲ ਮੁਹੱਈਆ ਕਰਦੀਆਂ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦਾ ‘ਰਾਈਟ ਟੂ ਬਿਜ਼ਨਸ ਐਕਟ’, ਮਜ਼ਬੂਤ ਸਿੰਗਲ ਵਿੰਡੋ ਸਿਸਟਮ ਅਤੇ ਡਿਜੀਟਾਈਜ਼ਡ ਜਨਤਕ ਸੇਵਾ ਪ੍ਰਣਾਲੀ ਕਾਰੋਬਾਰ ਸ਼ੁਰੂ ਕਰਨ ਅਤੇ ਵਧਾਉਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਨਵਾਂ ਨਿਵੇਸ਼ ਲਿਆਉਣਾ, ਤਕਨਾਲੋਜੀ-ਅਧਾਰਿਤ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ।
ਮੀਟਿੰਗ ਵਿੱਚ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਮੋਸ਼ਨ ਮੰਤਰੀ ਅਮਨ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।