
ਅੰਗਦਾਨ ਸਬੰਧੀ ਅਫਵਾਹਾਂ ਦੀ ਬਜਾਏ ਮਾਹਿਰਾਂ ਤੋਂ ਸਹੀ ਜਾਣਕਾਰੀ ਹਾਸਲ ਕਰਨ ਦੀ ਅਪੀਲ
ਮੋਹਾਲੀ, 13 ਅਗਸਤ (ਮਨਜੀਤ ਸਿੰਘ ਚਾਨਾ):
ਵਿਸ਼ਵ ਅੰਗਦਾਨ ਦਿਵਸ ਨੂੰ ਸਮਰਪਿਤ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਅੰਗਦਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ‘ਜੀਵਾਂਸ਼—ਲਾਈਫ ਬਿਓਂਡ ਲਾਈਫ’ ਨਾਮਕ ਕਮਿਊਨਿਟੀ ਕੇਂਦਰਿਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸੰਸਥਾ ਦੀ ਇੰਸਟੀਚਿਊਸ਼ਨਲ ਸੋਸ਼ਲ ਰਿਸਪੌਂਸੇਬਿਲਟੀ (ਆਈਐਸਆਰ) ਪਹਿਲਕਦਮੀ ਤਹਿਤ ਸ਼ੁਰੂ ਕੀਤੀ ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਸਮੇਤ ਆਮ ਲੋਕਾਂ ਨੂੰ ਅੰਗਦਾਨ ਬਾਰੇ ਤੱਥ ਆਧਾਰਿਤ ਜਾਣਕਾਰੀ ਦੇਣਾ, ਗਲਤ ਧਾਰਨਾਵਾਂ ਦੂਰ ਕਰਨਾ ਅਤੇ ਇਸ ਵਿਸ਼ੇ ’ਤੇ ਸਾਰਥਕ ਸੰਵਾਦ ਨੂੰ ਉਤਸ਼ਾਹਿਤ ਕਰਨਾ ਹੈ।
ਕੈਂਪਸ ਵਿਖੇ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਮੁਹਿੰਮ ਦਾ ਅਧਿਕਾਰਤ ਪੋਸਟਰ ਜਾਰੀ ਕੀਤਾ ਗਿਆ। ਵਿਦਿਆਰਥੀਆਂ ਨੇ ‘ਜੀਵਾਂਸ਼’ ਦਾ ਲੋਗੋ, ਸੰਚਾਰ ਸਮੱਗਰੀ ਅਤੇ ਆਊਟਰੀਚ ਗਤੀਵਿਧੀਆਂ ਦਾ ਰੋਡਮੈਪ ਪੇਸ਼ ਕੀਤਾ। ਮੁਹਿੰਮ ਤਹਿਤ ਟ੍ਰਾਈਸਿਟੀ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਕੂਲਾਂ, ਕਾਲਜਾਂ, ਜਨਤਕ ਥਾਵਾਂ ਅਤੇ ਸ਼ਹਿਰੀ ਭਾਈਚਾਰਿਆਂ ਤੱਕ ਪਹੁੰਚ ਕੀਤੀ ਜਾਵੇਗੀ। ਡਿਜ਼ੀਟਲ ਮਾਧਿਅਮਾਂ ਰਾਹੀਂ ਵੀ ਅੰਗਦਾਨ ਸਬੰਧੀ ਭਰੋਸੇਯੋਗ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇਗੀ।
‘ਜੀਵਾਂਸ਼’ ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਚਲਾਇਆ ਜਾਣ ਵਾਲਾ ਕਮਿਊਨਿਟੀ ਗਰੁੱਪ ਹੈ। ਇਸ ਤਹਿਤ ਜਾਗਰੂਕਤਾ ਵਰਕਸ਼ਾਪਾਂ, ਸੈਮੀਨਾਰ, ਨਾਟਕੀ ਪੇਸ਼ਕਾਰੀਆਂ, ਜਨਤਕ ਪਹੁੰਚ ਮੁਹਿੰਮਾਂ, ਟ੍ਰਾਂਸਪਲਾਂਟ ਮਾਹਿਰਾਂ ਨਾਲ ਵਿਸ਼ੇਸ਼ ਗੱਲਬਾਤ ਅਤੇ ‘ਮਿੱਥ ਬਨਾਮ ਤੱਥ’ ਸੈਸ਼ਨ ਕਰਵਾਏ ਜਾਣਗੇ। ਹਸਪਤਾਲਾਂ, ਐਨਜੀਓਜ਼ ਅਤੇ ਨਾਗਰਿਕ ਸੰਸਥਾਵਾਂ ਨਾਲ ਸਹਿਯੋਗ ਕਰਕੇ ਮੁਹਿੰਮ ਨੂੰ ਹੋਰ ਵਿਸ਼ਾਲ ਬਣਾਇਆ ਜਾਵੇਗਾ।
ਇਸ ਮੌਕੇ ਪ੍ਰਸਿੱਧ ਪੰਜਾਬੀ ਅਦਾਕਾਰ ਗੁਰਪ੍ਰੀਤ ਕੌਰ ਭੰਗੂ ਅਤੇ ਮਲਕੀਤ ਰੌਣੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ, ਪ੍ਰਧਾਨ ਸ. ਰਸ਼ਪਾਲ ਸਿੰਘ ਧਾਲੀਵਾਲ, ਵਾਈਸ ਚੇਅਰਮੈਨ ਸ. ਪਰਮਪਾਲ ਸਿੰਘ ਢਿੱਲੋਂ, ਡਾਇਰੈਕਟਰ ਡਾ. ਗਗਨਦੀਪ ਭੁੱਲਰ, ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਸਮੇਤ ਫੈਕਲਟੀ ਮੈਂਬਰ, ਵਿਦਿਆਰਥੀ, ਸਮਾਜਿਕ ਵਰਕਰ ਅਤੇ ਅੰਗਦਾਨੀ ਵੀ ਹਾਜ਼ਰ ਸਨ।

ਇੱਕ ਸਵਾਲ ਦੇ ਜਵਾਬ ਵਿੱਚ ਮਾਹਿਰਾਂ ਨੇ ਅੰਗਦਾਨ ਨਾਲ ਜੁੜੀਆਂ ਕਾਨੂੰਨੀ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਗਦਾਨ ਨਿਯਮਾਂ ਅਤੇ ਨਿਰਧਾਰਤ ਮੈਡੀਕਲ ਪ੍ਰਕਿਰਿਆ ਅਨੁਸਾਰ ਹੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀ ਸਹਿਮਤੀ ਜਾਂ ਕਾਨੂੰਨੀ ਮਨਜ਼ੂਰੀ ਤੋਂ ਬਿਨਾਂ ਅੰਗ ਕੱਢਣਾ ਗੈਰਕਾਨੂੰਨੀ ਹੈ। ਉਨ੍ਹਾਂ ਲੋਕਾਂ ਨੂੰ ਅੰਗਦਾਨ ਸਬੰਧੀ ਅਫਵਾਹਾਂ ਦੀ ਬਜਾਏ ਮਾਹਿਰਾਂ ਤੋਂ ਸਹੀ ਜਾਣਕਾਰੀ ਹਾਸਲ ਕਰਨ ਦੀ ਅਪੀਲ ਕੀਤੀ।
‘ਜੀਵਾਂਸ਼’ ਦੇ ਮੈਡੀਕਲ ਐਡਵਾਇਜ਼ਰੀ ਬੋਰਡ ਵਿੱਚ ਡਾ. ਅਮਨਦੀਪ ਸਿੰਘ, ਡਾ. ਮੁਕੇਸ਼ ਚਾਵਲਾ, ਡਾ. ਐਚ.ਐਸ. ਬੇਦੀ, ਡਾ. ਕਸ਼ਿਸ਼ ਦੱਤਾ, ਡਾ. ਅਮਨਦੀਪ ਸਿੰਘ (ਨਿਊਰੋਲੋਜਿਸਟ), ਡਾ. ਜਿਤੇਂਦਰ ਜਿਨਾਗਲ, ਡਾ. ਅਮਿਤ ਸ਼ਰਮਾ ਅਤੇ ਟ੍ਰਾਂਸਪਲਾਂਟ ਕੋਆਰਡੀਨੇਟਰ ਯਸ਼ਪ੍ਰੀਤ ਸ਼ਾਮਲ ਹਨ। ਮਾਹਿਰਾਂ ਮੁਤਾਬਕ ਪੂਰੇ ਵਿਸ਼ਵ ਭਰ ਵਿਚ ਕਰੀਬ 85% ਤੋਂ 92% ਲੋਕ ਅੰਗਦਾਨ ਕਰਦੇ ਹਨ ਜਦਕਿ ਭਾਰਤ ਵਿਚ ਸਭ ਤੋਂ ਵੱਧ ਕਰੀਬ 95% ਤੋਂ 98% ਤੱਕ ਲੋਕ ਅੰਗਦਾਨ ਕਰਦੇ ਹਨ।

ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੰਗਦਾਨ ਨਿਰਸਵਾਰਥ ਮਨੁੱਖੀ ਸੇਵਾ ਦਾ ਉੱਤਮ ਰੂਪ ਹੈ। ਪ੍ਰਧਾਨ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਦਿਆਰਥੀ ਸਮਾਜਿਕ ਬਦਲਾਅ ਦੇ ਪ੍ਰਭਾਵਸ਼ਾਲੀ ਰਾਜਦੂਤ ਬਣ ਸਕਦੇ ਹਨ। ਸੀਜੀਸੀ ਨੇ ਹਰ ਸਾਲ ‘ਅੰਗਦਾਨ ਜਾਗਰੂਕਤਾ ਹਫ਼ਤਾ’ ਮਨਾਉਣ ਦਾ ਵੀ ਐਲਾਨ ਕੀਤਾ।