Breaking News
Smart Media Dashmesh GS Electricals Smart Media Insurance Point Tav Prasad

ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ‘ਵਾਰਤਾਲਾਪ’ ਅਹਿਮ ਮੰਚ: ਵਰਸ਼ਾ ਖਾਂਗਵਾਲ

ਪੀਆਈਬੀ ਚੰਡੀਗੜ੍ਹ ਵੱਲੋਂ ਝੱਜਰ ਵਿੱਚ ਮੀਡੀਆ ਵਰਕਸ਼ਾਪ ਦਾ ਆਯੋਜਨ

ਵੱਖ-ਵੱਖ ਵਿਭਾਗਾਂ ਨੇ ਭਲਾਈ ਸਕੀਮਾਂ ਬਾਰੇ ਦਿੱਤੀ ਜਾਣਕਾਰੀ

ਝੱਜਰ/ਚੰਡੀਗੜ੍ਹ, 12 ਅਗਸਤ, ਪੰਜਾਬੀ ਦੁਨੀਆ ਬਿਊਰੋ :

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (PIB), ਚੰਡੀਗੜ੍ਹ ਵੱਲੋਂ ਝੱਜਰ ਜ਼ਿਲ੍ਹੇ ਵਿੱਚ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਪ੍ਰਮੁੱਖ ਭਲਾਈ ਯੋਜਨਾਵਾਂ ਬਾਰੇ ਮੀਡੀਆ ਵਰਕਸ਼ਾਪ ‘ਵਾਰਤਾਲਾਪ’ ਕਰਵਾਈ ਗਈ। ਡਿਪਟੀ ਕਮਿਸ਼ਨਰ ਵਰਸ਼ਾ ਖਾਂਗਵਾਲ ਨੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਦਾ ਉਦਘਾਟਨ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਵਾਰਤਾਲਾਪ’ ਕੇਂਦਰ ਅਤੇ ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮੀਡੀਆ ਦਰਮਿਆਨ ਸੰਵਾਦ ਦਾ ਮਹੱਤਵਪੂਰਨ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਭਲਾਈ ਯੋਜਨਾਵਾਂ ਦੀ ਜਾਣਕਾਰੀ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਵਿੱਚ ਮੀਡੀਆ ਦੀ ਅਹਿਮ ਭੂਮਿਕਾ ਹੈ, ਤਾਂ ਜੋ ਯੋਗ ਲਾਭਪਾਤਰੀ ਇਨ੍ਹਾਂ ਦਾ ਲਾਭ ਲੈ ਸਕਣ। ਉਨ੍ਹਾਂ ਪੱਤਰਕਾਰਾਂ ਨੂੰ ਫੇਕ ਨਿਊਜ਼ ਅਤੇ ਗਲਤ ਸੂਚਨਾਵਾਂ ਤੋਂ ਸੁਚੇਤ ਰਹਿੰਦਿਆਂ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਜਾਣਕਾਰੀ ਦੀ ਪੁਸ਼ਟੀ ਕਰਨ ਦੀ ਅਪੀਲ ਵੀ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਜਗ ਨਿਵਾਸ ਨੇ ਸਰਕਾਰੀ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਐੱਸਡੀਐੱਮ ਰਵੀ ਮੀਣਾ ਨੇ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਨੂੰ ਬਾਜ਼ਾਰ ਮੁਹੱਈਆ ਕਰਵਾਉਣ ਅਤੇ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਲਈ ਮੀਡੀਆ ਨੂੰ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕੀਤੀ।

ਪੀਆਈਬੀ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਅਹਿਮਦ ਖਾਨ ਨੇ ਪੀਆਈਬੀ, ਕੇਂਦਰੀ ਸੰਚਾਰ ਬਿਊਰੋ, ਪ੍ਰੈੱਸ ਰਜਿਸਟਰਾਰ ਜਨਰਲ ਆਫ ਇੰਡੀਆ, ਪ੍ਰਸਾਰ ਭਾਰਤੀ, ਕੇਂਦਰੀ ਫਿਲਮ ਪ੍ਰਮਾਣਨ ਬੋਰਡ ਅਤੇ ਫੈਕਟ ਚੈੱਕ ਯੂਨਿਟ ਸਮੇਤ ਵੱਖ-ਵੱਖ ਸੰਸਥਾਵਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ।

ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਨੇਹਾ ਦਹੀਆ ਨੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀਆਂ ਯੋਜਨਾਵਾਂ ਬਾਰੇ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮਾਤ੍ਰਿ ਵੰਦਨਾ ਯੋਜਨਾ ਤਹਿਤ 2017 ਤੋਂ ਹੁਣ ਤੱਕ 34,379 ਲਾਭਪਾਤਰੀਆਂ ਨੂੰ ਲਾਭ ਮਿਲਿਆ ਹੈ। ਖੇਤੀਬਾੜੀ ਵਿਭਾਗ ਦੇ ਐੱਸਡੀਓ ਜਗਜੀਤ ਸਾਂਗਵਾਨ ਨੇ ਪੀਐੱਮ-ਕਿਸਾਨ ਸਨਮਾਨ ਨਿਧੀ, ਡ੍ਰਿਪ ਸਿੰਚਾਈ ਅਤੇ ‘ਪਰ ਡ੍ਰੌਪ ਮੋਰ ਕ੍ਰੌਪ’ ਸਮੇਤ ਹੋਰ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।

ਵਣ ਵਿਭਾਗ ਦੇ ਅਧਿਕਾਰੀ ਆਸ਼ੀਸ਼ ਕਾਦੀਆਂ ਨੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਅਤੇ ਭਿੰਡਾਵਾਸ ਵਾਈਲਡਲਾਈਫ ਸੈਂਕਚੂਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਾਲ 3 ਲੱਖ ਤੋਂ ਵੱਧ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਡੀਪੀਆਰਓ ਦਿਨੇਸ਼ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਸੰਤੁਲਿਤ ਅਤੇ ਜ਼ਿੰਮੇਵਾਰੀ ਨਾਲ ਪੇਸ਼ ਕਰਨ ਦੀ ਅਪੀਲ ਕੀਤੀ।

ਪ੍ਰੋਗਰਾਮ ਦੇ ਅੰਤ ਵਿੱਚ ਅਹਿਮਦ ਖਾਨ ਅਤੇ ਤਨਵੀਰ ਅਹਿਮਦ ਨੇ ਸਾਰੇ ਅਧਿਕਾਰੀਆਂ ਅਤੇ ਮੀਡੀਆ ਪ੍ਰਤੀਨਿਧੀਆਂ ਦਾ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *