
100 ਤੋਂ ਵੱਧ ਵਸਨੀਕਾਂ ਨੇ TDI ਨੂੰ ਹੋਰ ਮਨਜ਼ੂਰੀਆਂ ਤੇ ਰਿਆਇਤਾਂ ਨਾ ਦੇਣ ਦੀ ਕੀਤੀ ਮੰਗ
19 ਅਗਸਤ ਨੂੰ ਮੁੜ ਮੀਟਿੰਗ ਦਾ ਭਰੋਸਾ
ਮੋਹਾਲੀ, 12 ਅਗਸਤ, ਮਨਜੀਤ ਸਿੰਘ ਚਾਨਾ :
PR-6 ਸੜਕ ਨਾਲ ਸਬੰਧਤ ਮਾਮਲੇ ਅਤੇ ਟੀਡੀਆਈ ਇਨਫਰਾਟੈੱਕ ਲਿਮ: ਨੂੰ ਹੋਰ ਮਨਜ਼ੂਰੀਆਂ ਜਾਂ ਰਿਆਇਤਾਂ ਦਿੱਤੇ ਜਾਣ ਦੇ ਵਿਰੋਧ ਵਿੱਚ ਕਮੇਟੀ ਆਫ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਜ਼ ਐਂਡ ਸੋਸਾਇਟੀਜ਼, ਮੋਹਾਲੀ (CORWAS) ਦੀ ਅਗਵਾਈ ਹੇਠ 100 ਤੋਂ ਵੱਧ ਵਸਨੀਕਾਂ ਨੇ ਅੱਜ ਗਮਾਡਾ ਦੇ ਮੁੱਖ ਪ੍ਰਸ਼ਾਸਕ ਦੇ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗ ਵਸਨੀਕ ਵੀ ਸ਼ਾਮਲ ਸਨ।
(CORWAS) ਦਾ ਵਫ਼ਦ ਸਵੇਰੇ ਕਰੀਬ 10.15 ਵਜੇ ਗਮਾਡਾ ਦਫ਼ਤਰ ਪਹੁੰਚਿਆ। ਵਸਨੀਕਾਂ ਨੂੰ ਪਹਿਲਾਂ 11 ਵਜੇ ਤੋਂ 1.30 ਵਜੇ ਤੱਕ ਮੀਟਿੰਗ ਦਾ ਸਮਾਂ ਦੱਸਿਆ ਗਿਆ, ਪਰ ਮੁੱਖ ਪ੍ਰਸ਼ਾਸਕ ਦੇ ਐਨ.ਜੀ.ਟੀ. ਨਾਲ ਵੀਡੀਓ ਕਾਨਫਰੰਸ ਵਿੱਚ ਰੁੱਝੇ ਹੋਣ ਕਾਰਨ ਉਨ੍ਹਾਂ ਨੂੰ ਕਈ ਘੰਟੇ ਉਡੀਕ ਕਰਨੀ ਪਈ। ਬਾਅਦ ਵਿੱਚ ਮੁੱਖ ਪ੍ਰਸ਼ਾਸਕ ਦੇ ਹਾਊਸਿੰਗ ਵਿਭਾਗ ਦੇ ਸਕੱਤਰ ਨਾਲ ਮੀਟਿੰਗ ਵਿੱਚ ਹੋਣ ਦੀ ਜਾਣਕਾਰੀ ਮਿਲੀ। ਇਸ ’ਤੇ ਵਸਨੀਕ ਹਾਊਸਿੰਗ ਸਕੱਤਰ ਦੇ ਦਫ਼ਤਰ ਪਹੁੰਚੇ ਅਤੇ ਆਪਣੀਆਂ ਮੰਗਾਂ ਜ਼ੋਰਦਾਰ ਢੰਗ ਨਾਲ ਰੱਖੀਆਂ। ਇਸ ਦੌਰਾਨ ਮੁੱਖ ਪ੍ਰਸ਼ਾਸਕ ਖੁਦ ਬਾਹਰ ਆ ਕੇ ਵਸਨੀਕਾਂ ਨੂੰ ਮਿਲੇ।
ਕੋਰਵਾਸ ਨੇ ਮੰਗ ਕੀਤੀ ਕਿ PR-6 ਨਾਲ ਜੁੜੇ ਮਾਮਲੇ ਹੱਲ ਹੋਣ ਤੱਕ TDI ਨੂੰ ਕਿਸੇ ਵੀ ਤਰ੍ਹਾਂ ਦੀ ਨਵੀਂ ਮਨਜ਼ੂਰੀ, ਰਿਆਇਤ ਜਾਂ ਪ੍ਰਾਜੈਕਟਾਂ ਦੀ ਮਿਆਦ ਵਿੱਚ ਵਾਧਾ ਨਾ ਦਿੱਤਾ ਜਾਵੇ। ਸੰਸਥਾ ਨੇ ਪੀਆਰ-6 ਸੜਕ ਲਈ ਜ਼ਮੀਨ ਐਕੁਆਇਰਮੈਂਟ ਨਾਲ ਜੁੜੀ ਲਗਭਗ 6 ਕਰੋੜ ਰੁਪਏ ਦੀ ਕਥਿਤ ਰਕਮ ਦੇ ਮਾਮਲੇ ਦੀ ਪੂਰੀ ਜਾਂਚ ਅਤੇ ਦੋਸ਼ ਸਹੀ ਪਾਏ ਜਾਣ ’ਤੇ FIR ਸਮੇਤ ਅਪਰਾਧਿਕ ਕਾਰਵਾਈ ਦੀ ਮੰਗ ਕੀਤੀ।
ਵਸਨੀਕਾਂ ਨੇ ਗਮਾਡਾ ਦੇ ਵਕੀਲਾਂ ਨੂੰ ਮੁੱਖ ਕੇਸ ਵਿੱਚ ਮੈਰਿਟਾਂ ਦੇ ਆਧਾਰ ’ਤੇ ਪ੍ਰਭਾਵਸ਼ਾਲੀ ਪੈਰਵੀ ਕਰਨ ਅਤੇ ਵਾਰ-ਵਾਰ ਤਾਰੀਖਾਂ ਲੈਣ ਦੀ ਪ੍ਰਵਿਰਤੀ ਰੋਕਣ ਦੀ ਅਪੀਲ ਕੀਤੀ। ਮੁੱਖ ਪ੍ਰਸ਼ਾਸਕ ਨੇ 19 ਅਗਸਤ ਨੂੰ ਐਸੋਸੀਏਸ਼ਨ (CORWAS) ਅਤੇ ਵਸਨੀਕਾਂ ਦੇ ਨੁਮਾਇੰਦਿਆਂ ਨਾਲ ਮੁੜ ਮੀਟਿੰਗ ਕਰਕੇ ਮਾਮਲੇ ’ਤੇ ਵਿਸਥਾਰ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਕੋਰਵਾਸ ਨੇ ਚਿਤਾਵਨੀ ਦਿੱਤੀ ਕਿ ਟੀਡੀਆਈ ਨੂੰ ਹੋਰ ਰਿਆਇਤ ਮਿਲਣ ’ਤੇ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।