
ਮੋਹਾਲੀ ਤੋਂ ਚੰਡੀਗੜ੍ਹ ਤੱਕ ਕੱਢਿਆ ਰੋਸ ਮਾਰਚ
ਸਰਕਾਰ ਤੋਂ ਮੰਗਾਂ ਦੇ ਹੱਲ ਦੀ ਕੀਤੀ ਮੰਗ
ਮੋਹਾਲੀ, 7 ਅਗਸਤ, ਮਨਜੀਤ ਸਿੰਘ ਚਾਨਾ :
ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਇਕਾਈ ਨਾਲ ਸਬੰਧਤ ਵੱਖ-ਵੱਖ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਸੇਵਾਮੁਕਤ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਚੰਡੀਗੜ੍ਹ ਦੇ ਸੈਕਟਰ-39 ਵਿੱਚ ਹੋਈ ਸੂਬਾ ਪੱਧਰੀ ਮੁਲਾਜ਼ਮ-ਪੈਨਸ਼ਨਰ ਮਹਾਂ ਰੈਲੀ ਵਿੱਚ ਸ਼ਮੂਲੀਅਤ ਕੀਤੀ। ਰੈਲੀ ਤੋਂ ਪਹਿਲਾਂ ਐਸੋਸੀਏਸ਼ਨ ਦੇ ਕਰੀਬ 2,000 ਮੈਂਬਰ ਮੋਹਾਲੀ ਦੇ ਫੇਜ਼-6 ਸਥਿਤ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ, ਜਿੱਥੇ ਮੀਟਿੰਗ ਉਪਰੰਤ ਚੰਡੀਗੜ੍ਹ ਦੇ ਰੈਲੀ ਸਥਾਨ ਤੱਕ ਰੋਸ ਮਾਰਚ ਕੱਢਿਆ ਗਿਆ।
ਐਸੋਸੀਏਸ਼ਨ ਦੇ ਪੰਜਾਬ ਇਕਾਈ ਦੇ ਜਨਰਲ ਸਕੱਤਰ ਮਹਿੰਦਰ ਸਿੰਘ (ਇੰਸਪੈਕਟਰ ਰਿਟਾਇਰਡ) ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਕਾਰਨ ਸੇਵਾਮੁਕਤ ਪੁਲਿਸ ਕਰਮਚਾਰੀਆਂ ਨੂੰ ਵੀ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੜਕਾਂ ‘ਤੇ ਉਤਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ।

ਰੋਸ ਮਾਰਚ ਦੀ ਅਗਵਾਈ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ (ਡੀਐਸਪੀ ਰਿਟਾਇਰਡ), ਮੀਤ ਪ੍ਰਧਾਨ ਚਰਨ ਸਿੰਘ ਬਾਠ (ਡੀਐਸਪੀ ਰਿਟਾਇਰਡ) ਅਤੇ ਜਨਰਲ ਸਕੱਤਰ ਮਹਿੰਦਰ ਸਿੰਘ ਨੇ ਕੀਤੀ। ਇਸ ਮੌਕੇ ਅੰਮ੍ਰਿਤਸਰ, ਸੰਗਰੂਰ, ਬਰਨਾਲਾ, ਬਟਾਲਾ, ਫਾਜ਼ਿਲਕਾ, ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਗਰਾਓਂ, ਮੋਗਾ, ਤਰਨ ਤਾਰਨ, ਜਲੰਧਰ ਦਿਹਾਤੀ, ਮੋਹਾਲੀ, ਫਤਿਹਗੜ੍ਹ ਸਾਹਿਬ, ਪਠਾਨਕੋਟ, ਰੂਪਨਗਰ, ਮਾਲੇਰਕੋਟਲਾ, ਬਠਿੰਡਾ ਅਤੇ ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ ਦੀਆਂ ਇਕਾਈਆਂ ਦੇ ਨੁਮਾਇੰਦੇ ਹਾਜ਼ਰ ਸਨ।
ਰੈਲੀ ਵਿੱਚ ਪੁੱਜੇ ਮੈਂਬਰਾਂ ਲਈ ਮੋਹਾਲੀ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ, ਪਰਮਜੀਤ ਸਿੰਘ ਮਲਕਪੁਰ, ਮਨਮੋਹਨ ਸਿੰਘ ਕਾਹਲੋ ਅਤੇ ਦਲਜੀਤ ਸਿੰਘ ਕੈਲੋ ਦੀ ਅਗਵਾਈ ਹੇਠ ਚਾਹ-ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।