
ਮਲਬੇ ਹੇਠ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ
ਠਾਣੇ, 31 ਜੁਲਾਈ, ਪੰਜਾਬੀ ਦੁਨੀਆ ਬਿਊਰੋ :
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਸ਼ਹਿਰ ਵਿੱਚ ਵੀਰਵਾਰ ਦੇਰ ਰਾਤ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਹਿੱਸਾ ਢਹਿ ਜਾਣ ਕਾਰਨ ਘੱਟੋ-ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਲੋਕਾਂ ਦੇ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਹੈ।
ਅਧਿਕਾਰੀਆਂ ਅਨੁਸਾਰ ਬਾਲਾਜੀ ਨਗਰ ਸਥਿਤ ਕੋਹਿਨੂਰ ਬਿਲਡਿੰਗ ਦੀ ‘ਬੀ’ ਵਿੰਗ ਵੀਰਵਾਰ ਰਾਤ ਕਰੀਬ 11.30 ਵਜੇ ਅਚਾਨਕ ਢਹਿ ਗਈ। ਰਿਹਾਇਸ਼ੀ ਡਿਪਟੀ ਕਲੈਕਟਰ ਸੰਦੀਪ ਮਾਨੇ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ, ਜਦਕਿ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਜਾਣਕਾਰੀ ਮੁਤਾਬਕ ਰਾਤ ਕਰੀਬ 9 ਵਜੇ ਇਮਾਰਤ ਵਿੱਚ ਦਰਾੜਾਂ ਪੈਣ ਕਾਰਨ, ਸਥਾਨਕ ਲੋਕਾਂ ਨੇ ਕਈ ਪਰਿਵਾਰਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ, ਪਰ ਕੁਝ ਲੋਕ ਅਜੇ ਵੀ ਇਮਾਰਤ ਵਿੱਚ ਮੌਜੂਦ ਸਨ ਕਿ ਇਸ ਦੌਰਾਨ ‘ਬੀ’ ਵਿੰਗ ਢਹਿ ਗਈ।
ਮੌਕੇ ‘ਤੇ ਐਨਡੀਆਰਐਫ, ਠਾਣੇ ਡਿਜ਼ਾਸਟਰ ਰਿਸਪਾਂਸ ਫੋਰਸ, ਫਾਇਰ ਬ੍ਰਿਗੇਡ, ਡੌਗ ਸਕੁਆਡ, ਫਾਇਰ ਟੈਂਡਰ, ਦੋ ਐਂਬੂਲੈਂਸਾਂ ਅਤੇ ਭਾਰੀ ਮਸ਼ੀਨਰੀ ਦੀ ਮਦਦ ਨਾਲ ਰਾਹਤ ਅਤੇ ਬਚਾਅ ਕਾਰਜ ਚੱਲ ਰਿਹਾ ਹੈ। ਮਾਨਸੂਨ ਦੌਰਾਨ ਠਾਣੇ ਜ਼ਿਲ੍ਹੇ ਵਿੱਚ ਹੁਣ ਤੱਕ 27 ਲੋਕਾਂ ਦੀ ਮੌਤ ਅਤੇ 20 ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।