
ਵਿਰੋਧੀ ਧਿਰ ਨੇ ਕੇਂਦਰ ਸਰਕਾਰ ਨੂੰ ਘੇਰਿਆ
ਸਾਬਕਾ ਕਪਤਾਨ ਪ੍ਰਗਟ ਸਿੰਘ ਵੱਲੋਂ ਵੀ ਫ਼ੈਸਲੇ ਦੀ ਨਿਖੇਧੀ
ਚੰਡੀਗੜ੍ਹ/ਨਵੀਂ ਦਿੱਲੀ, 30 ਜੁਲਾਈ, ਪੰਜਾਬੀ ਦੁਨੀਆ ਬਿਊਰੋ :
ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੀ ਰਵਾਇਤੀ ਨੀਲੀ ਜਰਸੀ ਦੀ ਥਾਂ ਭਗਵੇਂ ਰੰਗ ਦੀ ਨਵੀਂ ਜਰਸੀ ਅਪਣਾਏ ਜਾਣ ਨੂੰ ਲੈ ਕੇ ਸਿਆਸੀ ਵਿਵਾਦ ਛਿੜ ਗਿਆ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਇਸ ਫ਼ੈਸਲੇ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਅਤੇ ਆਰਐੱਸਐੱਸ ਦੇਸ਼ ਦੇ ਹਰ ਖੇਤਰ ਦਾ ‘ਭਗਵਾਕਰਨ’ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਕੱਲ੍ਹ ਨੂੰ ਭਾਰਤੀ ਫ਼ੌਜ ਦੀ ਵਰਦੀ ਦਾ ਰੰਗ ਵੀ ਬਦਲਿਆ ਜਾ ਸਕਦਾ ਹੈ।
ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਰਕਾਰ ਆਰਐੱਸਐੱਸ ਤੋਂ ਪ੍ਰਭਾਵਿਤ ਸਿੱਖਿਆ ਨੀਤੀ ਰਾਹੀਂ ਵਰਦੀਆਂ ਅਤੇ ਇਤਿਹਾਸ ਬਦਲ ਸਕਦੀ ਹੈ, ਪਰ ਉਸ ਨੂੰ ਨੌਜਵਾਨਾਂ ਦੀ ਸੋਚ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਸੱਚ ਅਤੇ ਅਹਿੰਸਾ ਦੇ ਸਿਧਾਂਤਾਂ ‘ਤੇ ਲੜੀ ਗਈ ਸੀ ਅਤੇ ਦੇਸ਼ ਦੇ ਲੋਕ ਸੱਚਾਈ ਨੂੰ ਭਲੀਭਾਂਤ ਜਾਣਦੇ ਹਨ।
ਕਾਂਗਰਸ ਦੇ ਸੰਸਦ ਮੈਂਬਰ ਅਮਰ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਹਰ ਖੇਤਰ ਦਾ ਭਗਵਾਕਰਨ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲਿਆ ਗਿਆ ਹੈ ਅਤੇ ਕੱਲ੍ਹ ਨੂੰ ਫ਼ੌਜ ਦੀ ਵਰਦੀ ਨਾਲ ਵੀ ਅਜਿਹਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਸੱਤਾ ਵਿੱਚ ਆ ਕੇ ਰਾਸ਼ਟਰੀ ਪ੍ਰਤੀਕਾਂ ਜਾਂ ਖੇਡਾਂ ਨਾਲ ਜੁੜੀਆਂ ਪਰੰਪਰਾਵਾਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ।
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਪੰਜਾਬ ਦੇ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਨੇ ਵੀ ਇਸ ਫ਼ੈਸਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਾਕੀ ਇੰਡੀਆ ਇਸ ਜਰਸੀ ਨੂੰ ਰਾਸ਼ਟਰੀ ਮਾਣ ਦਾ ਪ੍ਰਤੀਕ ਦੱਸ ਰਹੀ ਹੈ, ਪਰ ਸਿਆਸੀ ਪ੍ਰਣਾਲੀ ਇਸ ਨੂੰ ਭਗਵਾਕਰਨ ਦਾ ਰੰਗ ਦੇ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਸਰਕਾਰ ਖੇਡਾਂ ਵਿੱਚ ਵੀ ਸਿਆਸਤ ਲਿਆ ਰਹੀ ਹੈ।
ਤ੍ਰਿਣਮੂਲ ਕਾਂਗਰਸ ਦੇ ਆਗੂ ਕੀਰਤੀ ਆਜ਼ਾਦ ਨੇ ਕਿਹਾ ਕਿ ਜਰਸੀ ਦੇ ਰੰਗ ਨਾਲੋਂ ਖਿਡਾਰੀਆਂ ਦਾ ਪ੍ਰਦਰਸ਼ਨ ਵੱਧ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਵਿੱਚ ਵੀ ਪਹਿਲਾਂ ਖਿਡਾਰੀ ਚਿੱਟੇ ਕੱਪੜਿਆਂ ਵਿੱਚ ਖੇਡਦੇ ਸਨ ਅਤੇ ਜਿੱਤ ਦਾ ਸਬੰਧ ਰੰਗਾਂ ਨਾਲ ਨਹੀਂ, ਸਗੋਂ ਖੇਡ ਨਾਲ ਹੁੰਦਾ ਹੈ।