
ਚੰਡੀਗੜ੍ਹ, 28 ਜੁਲਾਈ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਯੂਨੀਵਰਸਿਟੀ ਦੇ ਸਾਊਥ ਕੈਂਪਸ ਦੇ ਗਰਲਜ਼ ਹੋਸਟਲ-8 ਵਿੱਚ ਅੱਜ ਕਰੰਟ ਲੱਗਣ ਕਾਰਨ ਇਕ ਵਿਦਿਆਰਥਣ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 28 ਸਾਲਾ ਪੀ.ਐਚ.ਡੀ. ਸਕਾਲਰ ਜਯੋਤੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਵਿਦਿਆਰਥੀਆਂ ਵਿੱਚ ਗਹਿਰਾ ਦੁੱਖ ਪਾਇਆ ਗਿਆ। ਖਬਰਾਂ ਮੁਤਾਬਕ ਸ਼ਹਿਰ ਵਿਚ ਮੀਂਹ ਪੈਣ ਕਾਰਨ ਸੜਕ ਵਿਚ ਕਰੰਟ ਆਉਣ ਸਦਕਾ ਇਹ ਘਟਨਾ ਵਾਪਰੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੰਜਾਬ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਰੇਨੂੰ ਵਿੱਗ ਨੇ ਇਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਗਠਿਤ ਕਰ ਦਿੱਤੀ ਹੈ। ਉਨ੍ਹਾਂ ਕਮੇਟੀ ਨੂੰ ਤੁਰੰਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
ਇਸ ਦੌਰਾਨ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦੇ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਕਥਿਤ ਲਾਪਰਵਾਹੀ ਲਈ ਜਿੰਮੇਵਾਰ ਠਹਿਰਾਇਆ ਹੈ। ਇਸ ਘਟਨਾ ਤੋਂ ਬਾਅਦ ਕੈਂਪਸ ਵਿੱਚ ਤਣਾਅ ਦਾ ਮਾਹੌਲ ਹੈ।
ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਹ ਘਟਨਾ ਵਾਪਰੀ, ਉਥੇ ਬਿਜਲੀ ਦੇ ਖੰਭਿਆਂ ਉਤੇ ਕਥਿਤ ਤੌਰ ਉਤੇ ਖੁੱਲ੍ਹੀਆਂ ਤਾਰਾਂ ਛੱਡੀਆ ਹੋਈਆਂ ਸਨ ਅਤੇ ਉਸ ਦੇ ਨੇੜੇ ਹੀ ਇੱਕ ਸਕੂਲ ਵੀ ਸਥਿਤ ਹੈ। ਇਸ ਘਟਨਾ ਤੋਂ ਬਾਅਦ ਕੈਂਪਸ ਵਿੱਚ ਬਿਜਲੀ ਸੁਰੱਖਿਆ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਰਿਪੋਰਟ ਦੇ ਆਧਾਰ ‘ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।