
ਨਵੀਂ ਦਿੱਲੀ, 25 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਦੇਸ਼ ਭਰ ਵਿੱਚ ਵਿਦਿਆਰਥੀਆਂ ਵੱਲੋਂ ਨੀਟ ਪੇਪਰ ਲੀਕ ਖਿਲਾਫ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਅਤੇ ਜੰਤਰ-ਮੰਤਰ ‘ਤੇ ਚੱਲ ਰਹੇ ਲਗਾਤਾਰ ਧਰਨਿਆਂ ਦੇ ਅੱਗੇ ਆਖ਼ਰਕਾਰ ਸਰਕਾਰ ਨੂੰ ਝੁਕਣਾ ਪਿਆ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਘਟਨਾਕ੍ਰਮ ਨਾਲ ਵਿਦਿਆਰਥੀਆਂ ਦੀਆਂ ਪ੍ਰਮੁੱਖ ਮੰਗਾਂ ਨੂੰ ਸਰਕਾਰ ਵੱਲੋਂ ਮੰਨ ਲਏ ਜਾਣ ਦਾ ਵੱਡਾ ਸੰਕੇਤ ਮਿਲਿਆ ਹੈ, ਜਿਸ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।
ਮੀਡੀਆ ਰਿਪੋਰਟਾਂ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਦਿੱਲੀ ਵਿੱਚ ਇੱਕ ਅਹਿਮ ਉੱਚ-ਪੱਧਰੀ ਮੀਟਿੰਗ ਚੱਲ ਰਹੀ ਸੀ। ਇਸ ਮੀਟਿੰਗ ਦੇ ਵਿਚਾਲੇ ਹੀ ਇਹ ਵੱਡਾ ਫੈਸਲਾ ਲਿਆ ਗਿਆ ਅਤੇ ਧਰਮਿੰਦਰ ਪ੍ਰਧਾਨ ਤੋਂ ਮੰਤਰਾਲੇ ਦਾ ਅਸਤੀਫ਼ਾ ਲੈ ਲਿਆ ਗਿਆ। ਹਾਲਾਂਕਿ, ਇਹ ਸਾਫ਼ ਕੀਤਾ ਗਿਆ ਹੈ ਕਿ ਧਰਮਿੰਦਰ ਪ੍ਰਧਾਨ ਸੰਸਦ ਮੈਂਬਰ ਵਜੋਂ ਬਣੇ ਰਹਿਣਗੇ, ਪਰ ਹੁਣ ਸਿੱਖਿਆ ਮੰਤਰਾਲੇ ਵਿੱਚ ਉਨ੍ਹਾਂ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੋਵੇਗੀ।